ਟੋਰਾਂਟੋ ਵਿਚ ਪਰਿਵਾਰ ਸਮੇਤ ਰਹਿੰਦਾ ਸੀ ਯਾਦਵੀਰ
ਕੰਮ 'ਤੇ ਜਾਂਦੇ ਸਮੇਂ ਹੋਇਆ ਹਾਦਸਾ
ਗੜ੍ਹਦੀਵਾਲ, 15 ਅਗਸਤ, (ਹ.ਬ.) : ਕਬੱਡੀ ਦੇ ਪ੍ਰਸਿੱਧ ਖਿਡਾਰੀ ਅਤੇ ਖੇਡ ਨੂੰ ਬੜਾਵਾ ਦੇਣ ਦੇ ਲਈ ਮੁੱਖ ਯੋਗਦਾਨ ਦੇਣ ਵਾਲੇ ਯਾਦਵੀਰ ਸਿੰਘ ਸਹੋਤਾ (50) ਦੀ ਸੋਮਵਾਰ ਰਾਤ ਕੈਨੇਡਾ ਵਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਟੋਰਾਂਟੋ ਵਿਚ ਰਹਿ ਰਹੇ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਅਪਣੀ ਕਾਰ ਰਾਹੀਂ ਕੰਮ 'ਤੇ ਜਾ ਰਹੇ ਸੀ ਉਦੋਂ ਹੀ ਹਾਦਸਾ ਵਾਪਰ ਗਿਆ। 
ਰਿਸ਼ਤੇਦਾਰਾਂ ਦੇ ਅਨੁਸਾਰ ਅਜੇ ਇਹ ਪਤਾ ਨਹੀਂ  ਚਲ ਸਕਿਆ ਕਿ ਹਾਦਸੇ ਦਾ ਕਾਰਨ ਕੀ ਹੈ?  ਸਕੂਲ ਅਤੇ ਕਾਲਜ ਵਿਚ ਪੜ੍ਹਾਈ ਦੌਰਾਨ ਹੀ  ਉਨ੍ਹਾਂ ਨੇ ਕੌਮੀ ਪੱਧਰ 'ਤੇ ਕਬੱਡੀ  ਵਿਚ ਕਈ ਉਪਲਬਧੀਆਂ ਹਾਸਲ ਕੀਤੀਆਂ। ਕੈਨੇਡਾ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਕਬੱਡੀ ਖੇਡਣਾ ਜਾਰੀ ਰੱਖਿਆ। ਉਹ ਅਜੇ ਵੀ ਟੋਰਾਂਟੋ ਦੇ ਇਕ ਕਲੱਬ ਤੋਂ ਖੇਡਦੇ ਸਨ। ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਮਾਨਗੜ੍ਹ ਵੀ ਕਬੱਡੀ ਦੇ ਕੌਮਾਤਰੀ ਖਿਡਾਰੀ ਰਹਿ ਚੁੱਕੇ ਹਨ। ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਗੜ੍ਹਦੀਵਾਲਾ ਵਿਚ ਕਬੱਡੀ ਨੂੰ ਪ੍ਰਮੋਟ ਕਰਨ ਦੇ ਲਈ ਸੰਤੋਖ ਸਿੰਘ ਤੋਖੀ ਮਾਨਗੜ੍ਹੀਆ ਸਪੋਰਟਸ ਐਂਡ ਵੈਲਫੇਅਰ ਕਲੱਬ ਸਥਾਪਤ ਕੀਤਾ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ  ਗੜ੍ਹਦੀਵਾਲਾ ਵਿਚ ਸੰਤੋਖ ਸਿੰਘ ਤੋਖੀ ਗੋਲਡ ਕਬੱਡੀ ਕੱਪ ਦਾ ਆਯੋਜਨ ਕੀਤਾ। ਹੁਣ ਇਹ ਮੁਕਾਬਲਾ ਹਰ ਸਾਲ ਆਯੋਜਤ ਹੁੰਦਾ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਤੋਂ ਉਭਰਦੇ ਕਬੱਡੀ ਖਿਡਾਰੀ ਅਤੇ ਵੈਟਰਨ ਖਿਡਾਰੀਆਂ ਨੂੰ ਸਨਮਾਨਤ ਕਰਨ ਦੀ ਰਵਾਇਤ ਵੀ ਚਲਾਈ। ਯਾਦਵੀਰ ਸਿੰਘ ਦੇ ਦੇਹਾਂਤ 'ਤੇ ਕਬੱਡੀ ਕੱਪ ਦੇ ਚੇਅਰਮੈਨ ਤਰਸੇਮ ਸਿੰਘ ਧੁੱਗਾ, ਕੋਚ ਅੰਕਾਰ ਸਿੰਘ ਧੁੱਗਾ, ਗੁਰਿੰਦਰ ਸਿੰਘ ਮਾਨਗੜ੍ਹ, ਮੈਨੇਜਰ ਫਕੀਰ ਸਿੰਘ ਸਹੋਤਾ, ਰੈਸਲਿੰਗ ਕੋਚ ਅਮਰ ਨਾਥ, ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ Îਇਕਬਾਲ ਸਿੰਘ ਜੌਹਲ, ਯੂਥ ਸਰਕਲ ਪ੍ਰਧਾਨ ਗੁਰਸ਼ਮਿੰਦਰ ਸਿੰਘ ਰੰਮੀ, ਕੁਲਦੀਪ ਸਿੰਘ ਲਾਡੀ ਬੁੱਟਰ, ਪ੍ਰਿੰਸੀਪਲ ਅਮਰਿੰਦਰ ਕੌਰ ਗਿੱਲ, ਦਲਵਿੰਦਰ ਕੌਰ ਨੇ ਦੁੱਖ ਜਤਾਇਆ ਹੈ। 

ਹੋਰ ਖਬਰਾਂ »