ਮੋਹਾਲੀ, 17 ਅਗਸਤ, (ਹ.ਬ.) : ਗੈਂਗਸਟਰ ਸੁੱਖਾ ਕਾਹਲਵਾਂ ਦੇ ਨਾਂ ਨਾਲ ਬਣੀ ਫੇਸਬੁੱਕ ਆਈਡੀ ਨੂੰ ਅਪਡੇਟ ਕਰਨ ਦੇ ਮੁਲਜ਼ਮ ਚੰਦਨ ਖੱਤਰੀ ਨੂੰ ਸਟੇਟ ਆਰਗੇਨਾਈਜੇਸ਼ਨ ਕਰਾਈਮ ਕੰਟਰੋਲ ਯੂਨਿਟ ਨੇ ਰਾਜਪੁਰਾ ਤੋਂ ਕਾਬੂ ਕਰ ਲਿਆ ਗਿਆ ਹੈ। ਉਹ ਕੁਵੈਤ ਤੋਂ ਇਨ੍ਹਾਂ ਦਿਨਾਂ ਇੱਥੇ ਰਿਸ਼ਤੇਦਾਰੀ ਵਿਚ ਆਇਆ ਹੋਇਆ ਸੀ। 
ਮੁਲਜ਼ਮ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਮ੍ਰਿਤਕ ਗੈਂਗਸਟਰ ਸੁੱਖਾ ਕਾਹਲਵਾਂ ਦੀ ਫੇਸਬੁੱਕ ਆਈਡੀ ਲੰਬੇ ਸਮੇਂ ਤੋਂ ਲਗਾਤਾਰ ਅਪਡੇਟ ਹੋ ਰਹੀ ਸੀ। ਪੁਲਿਸ ਦੀ ਨਜ਼ਰ ਇਸ 'ਤੇ ਸੀ। ਪੁਲਿਸ ਨੇ ਫੇਸਬੁੱਕ ਹੈਡਕੁਆਰਟਰ ਨਾਲ ਸੰਪਰਕ  ਕਰਕੇ ਅਕਾਊਂਟ ਦੀ ਜਦੋਂ ਡਿਟੇਲ ਮੰਗੀ ਤਾਂ ਪਤਾ ਚਲਿਆ ਕਿ ਕਾਹਲੋਂ ਦੀ ਫੇਸਬੁੱਕ ਆਈਡੀ ਕੁਵੈਤ ਤੋਂ ਅਪਡੇਟ ਹੋ ਰਹੀ ਹੈ। ਜਾਂਚ ਵਿਚ ਪਤਾ ਚਲਿਆ ਕਿ ਚੰਦਨ ਖਤਰੀ ਉਸ ਨੂੰ ਅਪਡੇਟ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਦਾ ਪੰਜਾਬ ਨਾਲ ਲਿੰਕ ਲੱਭਿਆ ਅਤੇ ਉਸ ਦੇ ਜਾਣਕਾਰਾਂ ਅਤੇ ਉਸ ਦੀ ਫ਼ੋਨ ਕਾਲ 'ਤੇ ਨਜ਼ਰ ਰੱਖੀ।  ਇਸ ਦੌਰਾਨ ਪਤਾ ਚਲਿਆ ਕਿ ਚੰਦਨ ਪੰਜਾਬ ਵਿਚ ਇਕ ਵਿਆਹ ਸਮਾਰੋਹ ਵਿਚ ਆਉਣ ਵਾਲਾ ਹੈ। ਜਿਵੇਂ ਹੀ ਮੁਲਜ਼ਮ ਪੰਜਾਬ ਪੁੱਜਿਆ  ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।  ਜਲੰਧਰ ਦੇ ਨਜ਼ਦੀਕੀ ਪਿੰਡ ਕਾਹਲਵਾਂ ਦੇ ਰਹਿਣ ਵਾਲੇ ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਜਨਵਰੀ 2015 ਵਿਚ ਗੈਂਗਸਟਰ ਵਿੱਕੀ ਗੌਂਡਰ ਨੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਸੀ। ਜਲੰਧਰ ਦੇ ਪਿੰਡ ਕਰਤਾਰਪੁਰ ਦੇ ਨਜ਼ਦੀਕ ਉਸ 'ਤੇ ਹਮਲਾ ਕਰ ਦਿੱਤਾ ਸੀ। ਬਾਅਦ ਵਿਚ ਵਿੱਕੀ ਗੌਂਡਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਸੀ। ਹਾਲਾਂਕਿ ਕੁਝ ਸਮੇਂ ਪਹਿਲਾਂ ਖੁਲਾਸਾ ਹੋਇਆ ਸੀ ਕਿ ਵਿੱਕੀ ਗੌਂਡਰ ਦੇ ਮਰਨ ਤੋਂ ਬਾਅਦ ਵੀ ਉਸ ਦੀ ਫੇਸਬੁੱਕ ਪ੍ਰੋਫਾਈਲ ਅਪਡੇਟ ਹੋ ਰਹੀ ਸੀ। 

ਹੋਰ ਖਬਰਾਂ »