31 ਸਾਲਾ ਦਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਆਕਲੈਂਡ, 19 ਅਗਸਤ  (ਹਰਜਿੰਦਰ ਸਿੰਘ ਬਸਿਆਲਾ) : ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਊਜੀਲੈਂਡ ਗਏ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵ. ਸੁਖਵਿੰਦਰ ਸਿੰਘ ਅਤੇ ਮਾਤਾ ਨਰਿੰਦਰ ਕੌਰ ਦਾ ਪੁੱਤਰ 31 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ (ਸ਼ੇਰਗਿੱਲ) ਟੈਕਸੀ ਦੇ ਕੰਮ ਤੋਂ ਬਾਅਦ ਆ ਕੇ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਵਿੰਦਰ ਸਿੰਘ ਖਰੜ ਨੇੜਲੇ ਪਿੰਡ ਸਿਹੋੜਾ ਦਾ ਵਾਸੀ ਸੀ। ਇਸ ਨੌਜਵਾਨ ਦੀ ਥੋੜ੍ਹਾ ਸਮਾਂ ਪਹਿਲਾਂ ਹੀ ਰੈਜੀਡੈਂਸੀ ਹੋਈ ਸੀ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ (ਰਾਹੋਂ) ਅਤੇ ਇਕ ਡੇਢ ਕੁ ਸਾਲਾ ਛੋਟੀ ਬੱਚੀ ਵੀ ਇਥੇ ਹੈ। ਪਤਾ ਲੱਗਾ ਹੈ ਕਿ ਉਸਦੀ ਪਤਨੀ ਗਰਭਵਤੀ ਹੈ ਅਤੇ ਉਹ ਅਜੇ ਪੱਕੀ ਨਹੀਂ ਹੋਈ ਸੀ। ਆਪਣੇ ਮਾਪਿਆਂ ਦਾ ਇਹ ਵਿਚਕਾਰਲਾ ਪੁੱਤਰ ਸੀ। ਉਸ ਦਾ ਇਕ ਵੱਡਾ ਭਰਾ ਰਣਦੀਪ ਸਿੰਘ ਅਤੇ ਛੋਟਾ ਭਰਾ ਰਣਵੀਰ ਸਿੰਘ ਹੈ। ਭਾਈਚਾਰੇ ਵੱਲੋਂ ਇਸ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤੀ ਦੂਤਾਵਾਸ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
 

ਹੋਰ ਖਬਰਾਂ »