ਚੀਨ ਦੇ ਖਿਡਾਰੀਆਂ ਨੇ ਜਿੱਤੇ ਸਭ ਤੋਂ ਵੱਧ ਮੈਡਲ ਏਸ਼ੀਅਨ ਖੇਡਾਂ ਵਿੱਚ 2010 ਦਾ ਆਪਣਾ ਰਿਕਾਰਡ ਤੋੜਦੇ ਹੋਏ ਭਾਰਤ ਆਇਆ 8ਵੇਂ ਨੰਬਰ ਉੱਤੇ

ਜਕਾਰਤਾ, ਸਤੰਬਰ (ਹਮਦਰਦ ਨਿਊਜ਼ ਸਰਵਿਸ) : ਇੰਡੋਨੇਸ਼ੀਆ ਵਿੱਚ ਚੱਲ ਰਹੀਆਂ 18ਵੀਆਂ ਏਸ਼ੀਅਨ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਦੀ ਮਹਿਲਾ ਹਾਕੀ ਟੀਮ ਦੀ ਕੈਪਟਨ ਰਾਣੀ ਰਾਮਪਾਲ ਭਾਰਤ ਦੀ ਝੰਡਾ ਬਰਦਾਰ ਬਣੀ। 18 ਅਗਸਤ ਤੋਂ 2 ਸਤੰਬਰ ਤੱਕ ਚੱਲੀਆਂ 18ਵੀਆਂ ਏਸ਼ੀਅਨ ਖੇਡਾਂ ਵਿੱਚ 45 ਦੇਸ਼ਾਂ ਦੇ ਲਗਭਗ 10 ਹਜਾਰ ਖਿਡਾਰੀਆਂ ਨੇ ਭਾਗ ਲਿਆ। ਹੁਣ ਦੀ ਵਾਰ 10 ਨਵੀਆਂ ਖੇਡਾਂ ਨੂੰ ਵੀ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ। ਭਾਰਤ ਦੇ ਖਿਡਾਰੀਆਂ ਨੇ 40 ਵਿੱਚੋਂ 34 ਖੇਡਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ।

18ਵੀਆਂ ਏਸ਼ੀਅਨ ਖੇਡਾਂ ਵਿੱਚ ਸਭ ਤੋਂ ਵੱਧ ਮੈਡਲ ਜਿੱਤ ਕੇ ਚੀਨ ਪਹਿਲੇ ਨੰਬਰ ਉੱਤੇ ਰਿਹਾ ਹੈ। ਜਪਾਨ ਨੇ ਦੂਜਾ ਅਤੇ ਕੋਰੀਆ ਨੇ ਤੀਜਾ ਸਥਾਨ ਹਾਸਲ ਕੀਤਾ। ਚੀਨ ਦੇ ਖਿਡਾਰੀਆਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 132 ਗੋਲਡ ਮੈਡਲਾਂ ਸਮੇਤ ਕੁੱਲ 289 ਮੈਡਲ ਜਿੱਤ ਕੇ ਚੀਨ ਨੂੰ ਇਨ੍ਹਾਂ ਖੇਡਾਂ ਦਾ ਸਰਤਾਜ ਬਣਾ ਦਿੱਤਾ। ਇਸ ਤੋਂ ਇਲਾਵਾ 75 ਗੋਲਡ ਮੈਡਲਾਂ ਸਮੇਤ ਕੁੱਲ 205 ਮੈਡਲ ਜਿੱਤ ਕੇ ਜਪਾਨ ਦੂਜੇ ਸਥਾਨ ਉੱਤੇ, 49 ਗੋਲਡ ਮੈਡਲਾਂ ਸਮੇਤ ਕੁੱਲ 177 ਮੈਡਲ ਜਿੱਤ ਕੇ ਕੋਰੀਆ ਤੀਜੇ ਸਥਾਨ ਉੱਤੇ, 31 ਗੋਲਡ ਮੈਡਲਾਂ ਸਮੇਤ ਕੁੱਲ 98 ਮੈਡਲ ਜਿੱਤ ਕੇ ਇੰਡੋਨੇਸ਼ੀਆ ਚੌਥੇ ਨੰਬਰ ਉੱਤੇ, 21 ਗੋਲਡ ਮੈਡਲਾਂ ਸਮੇਤ ਕੁੱਲ 70 ਮੈਡਲ ਜਿੱਤ ਕੇ ਉਜ਼ਬੇਕਿਸਤਾਨ ਪੰਜਵੇਂ ਨੰਬਰ ਉੱਤੇ, 20 ਗੋਲਡ ਮੈਡਲਾਂ ਸਮੇਤ ਕੁੱਲ 62 ਮੈਡਲ ਜਿੱਤ ਕੇ ਇਰਾਨ 6ਵੇਂ ਨੰਬਰ ਉੱਤੇ, 17 ਗੋਲਡ ਮੈਡਲਾਂ ਸਮੇਤ ਕੁੱਲ 67 ਮੈਡਲ ਜਿੱਤ ਕੇ ਚਾਈਨੀਜ਼ ਤਾਇਪੇ 7ਵੇਂ ਨੰਬਰ ਉੱਤੇ, 15 ਗੋਲਡ ਮੈਡਲਾਂ ਸਮੇਤ ਕੁੱਲ 69 ਮੈਡਲ ਜਿੱਤ ਕੇ ਭਾਰਤ 8ਵੇਂ, 15 ਗੋਲਡ ਮੈਡਲਾਂ ਸਮੇਤ ਕੁੱਲ 76 ਮੈਡਲ ਜਿੱਤ ਕੇ ਕਜਾਕਿਸਤਾਨ 9ਵੇਂ ਅਤੇ 12 ਗੋਲਡ ਮੈਡਲਾਂ ਸਮੇਤ ਕੁੱਲ 37 ਮੈਡਲ ਜਿੱਤ ਕੇ ਡੀਪੀਆਰ ਕੋਰੀਆ 10ਵੇਂ ਨੰਬਰ ਉੱਤੇ ਰਿਹਾ।  ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਨ ਪ੍ਰਦਰਸ਼ਨ ਕਰਦੇ ਹੋਏ 15 ਗੋਲਡ ਮੈਡਲਾਂ ਸਮੇਤ ਕੁੱਲ 69 ਮੈਡਲ ਹਾਸਲ ਕੀਤੇ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 2010 ਦਾ ਆਪਣਾ ਰਿਕਾਰਡ ਤੋੜਦੇ ਹੋਏ ਜਿੱਤ ਦਾ ਝੰਡਾ ਗੱਡਿਆ।  ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਆਪਣੇ-ਆਪਣੇ ਵਿਰੋਧੀ ਨੂੰ ਪਟਕਣੀ ਦੇ ਕੇ ਕੁਸ਼ਤੀ ਵਿੱਚ 2 ਗੋਲਡ ਮੈਡਲ ਭਾਰਤ ਦੀ ਝੋਲੀ ਪਾਏ। ਵਿਨੇਸ਼ ਫੋਗਾਟ ਕੁਸ਼ਤੀ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। ਇਸ ਤੋਂ ਇਲਾਵਾ ਨਿਸ਼ਾਨੇਬਾਜੀ ਵਿੱਚ ਸੌਰਭ ਚੌਧਰੀ ਅਤੇ ਰਾਹੀ ਸਰਨੋਬਤ ਨੇ ਦੋ ਗੋਲਡ ਮੈਡਲ, ਕਿਸ਼ਤੀ ਚਾਲਕ ਮੁਕਾਬਲੇ ਵਿੱਚ ਸਵਰਨ ਸਿੰਘ, ਦੱਤੂ ਬਾਪਨ ਭੋਕਾਨਲ, ਓਮ ਪ੍ਰਕਾਸ਼ ਅਤੇ ਸੁਖਮੀਤ ਸਿੰਘ, ਟੈਨਿਸ ਵਿੱਚ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਗੋਲਡ ਮੈਡਲ ਜਿੱਤੇ।

ਸ਼ਾਟ ਪੁੱਟ ਵਿੱਚ ਤੇਜਿੰਦਰਪਾਲ ਸਿੰਘ ਤੂਰ, ਲੰਬੀ ਛਾਲ ਵਿੱਚ ਨੀਰਜ ਚੋਪੜਾ, ਮਰਦਾਂ ਦੀ 800 ਮੀਟਰ ਦੌੜ ਵਿੱਚ ਮਨਜੀਤ ਸਿੰਘ ਅਤੇ ਜਿਨਸਨ ਜੌਨਸਨ ਨੇ ਗੋਲਡ ਮੈਡਲ ਜਿੱਤੇ। ਇਸ ਤੋਂ ਇਲਾਵਾ ਮਰਦਾਂ ਦੇ ਟ੍ਰਿਪਲ ਜੰਪ ਵਿੱਚ ਅਰਪਿੰਦਰ ਸਿੰਘ, ਹੈਪਥਲਾਨ ਵਿੱਚ ਸਵਪਨ ਬਰਮਨ, ਔਰਤਾਂ ਦੀ 400 ਮੀਟਰ ਰਿਲੇਅ ਦੌੜ ਵਿੱਚ ਭਾਰਤੀ ਮਹਿਲਾ ਟੀਮ, ਮੁੱਕੇਬਾਜੀ ਵਿੱਚ ਅਮਿਤ ਪੰਘਲ ਅਤੇ ਬ੍ਰਿਜ ਮੈਨਜ਼ ਪੇਅਰ ਵਿੱਚ ਪ੍ਰਣਬ ਬਰਧਾਨ ਤੇ ਸ਼ਿਬਨਾਥ ਸਰਕਾਰ ਨੇ ਗੋਲਡ ਮੈਡਲ ਭਾਰਤ ਦੀ ਝੋਲੀ ਪਾਏ। ਕੁੱਲ ਮਿਲਾ ਕੇ ਏਸ਼ੀਅਨ ਖੇਡਾਂ ਵਿਚ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। 15 ਗੋਲਡ , 24 ਸਿਲਵਰ ਅਤੇ 30 ਬਰਾਂਜ ਮੈਡਲ ਹਾਸਲ ਕਰਕੇ ਭਾਰਤ ਨੇ ਏਸ਼ੀਅਨ ਖੇਡਾਂ ਵਿਚ ਸ਼ਾਮਲ 45 ਦੇਸ਼ਾਂ ਵਿੱਚੋਂ 8ਵਾਂ ਸਥਾਨ ਹਾਸਲ ਕੀਤਾ। ਭਾਰਤ ਲਈ ਸਭ ਤੋਂ ਜ਼ਿਆਦਾ ਮੈਡਲ ਐਥਲੇਟਿਕਸ ਵਿਚ ਮਿਲੇ। ਅਥਲੀਟਾਂ ਨੇ 7 ਗੋਲਡ,  10 ਸਿਲਵਰ ਅਤੇ 2 ਬਰਾਂਜ ਜਿੱਤੇ ਹਨ। 2 ਗੋਲਡ ਮੈਡਲਾਂ ਸਮੇਤ ਕੁੱਲ 9 ਮੈਡਲਾਂ ਨਾਲ ਨਿਸ਼ਾਨੇਬਾਜ਼ ਦੂਜੇ ਸਥਾਨ `ਤੇ ਰਹੇ। ਤੀਜੇ ਨੰਬਰ `ਤੇ ਭਾਰਤੀ ਪਹਿਲਵਾਨ ਰਹੇ, ਜਿਨ੍ਹਾਂ ਨੇ 2 ਗੋਲਡ ਸਮੇਤ 3 ਮੈਡਲ ਦੇਸ਼ ਲਈ ਜਿੱਤੇ।  ਭਾਰਤ ਨੇ 2010 ਦੀਆਂ ਏਸ਼ੀਆਈ ਖੇਡਾਂ  ਦੇ ਮੁਕਾਬਲੇ ਇਸ ਵਾਰ ਸਭ ਤੋਂ ਜਿਆਦਾ ਮੈਡਲ ਜਿੱਤੇ। 2010 ਵਿਚ ਚੀਨ ਦੇ ਗਵਾਂਗਝੋ `ਚ ਹੋਈਆਂ  ਏਸ਼ੀਆਈਆਂ ਖੇਡਾਂ ਵਿਚ ਭਾਰਤ ਨੇ ਕੁੱਲ 65 ਮੈਡਲ ਆਪਣੇ ਨਾਮ ਕੀਤੇ ਸਨ, ਪਰ ਇਸ ਵਾਰ 15 ਗੋਲਡ ਮੈਡਲਾਂ ਸਮੇਤ ਕੁੱਲ 69 ਮੈਡਲ ਹਾਸਲ ਕਰਕੇ ਜਿੱਤ ਦਾ ਝੰਡਾ ਗੱਡਿਆ।

ਹੋਰ ਖਬਰਾਂ »