9 ਫੀਸਦੀ ਵਾਧੂ ਫੀਸ ਦਾ ਪਿਆ ਬੋਝ, ਹਰ ਸਾਲ ਇਕੱਲੇ ਪੰਜਾਬ ਤੋਂ 1 ਲੱਖ ਤੋਂ ਵੱਧ ਵਿਦਿਆਰਥੀ ਆਉਂਦੇ ਨੇ ਕੈਨੇਡਾ

ਟੋਰਾਂਟੋ, 2 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਮੇਤ ਹੋਰਨਾਂ ਮੁਲਕਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਉੱਤੇ ਵੀ ਹੁਣ ਡਾਲਰ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ 9 ਫੀਸਦੀ ਵਾਧੂ ਫੀਸ ਦੇਣੀ ਪਵੇਗੀ। ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਨਿਯਮਾਂ ਵਿੱਚ ਬਦਲਾਅ ਕਰਦੇ ਹੋਏ ਵਿਦਿਆਰਥੀਆਂ ਨੂੰ ਪੂਰੇ ਸਾਲ ਦੀ ਫੀਸ ਇੱਕ ਮੁਸ਼ਤ ਵਿੱਚ ਦੇਣ ਦਾ ਹੁਕਮ ਵੀ ਜਾਰੀ ਕੀਤਾ ਹੈ।

ਕੈਨੇਡਾ ਵਿੱਚ ਹਰ ਸਾਲ ਇਕੱਲੇ ਪੰਜਾਬ ਤੋਂ 1 ਲੱਖ ਤੋਂ ਵੱਧ ਵਿਦਿਆਰਥੀ ਸਟੱਡੀ ਵੀਜੇ ਉੱਤੇ ਆਉਂਦੇ ਹਨ। ਆਸਟਰੇਲੀਆ ਵਿੱਚ ਇਹ ਅੰਕੜਾ 30 ਹਜਾਰ ਦੇ ਲਗਭਗ ਹੈ। ਇਸ ਤੋਂ ਇਲਾਵਾ ਨਿਊਜੀਲੈਂਡ ਤੇ ਯੂਰਪੀ ਦੇਸ਼ਾਂ ਪ੍ਰਤੀ ਪੰਜਾਬੀ ਵਿਦਿਆਰਥੀਆਂ ਦਾ ਰੁਝਾਨ ਤੇਜੀ ਨਾਲ ਵੱਧ ਰਿਹਾ ਹੈ। ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਕਾਲਜ ਦੀ ਫੀਸ ਹਰ ਸਾਲ ਪ੍ਰਤੀ ਵਿਦਿਆਰਥੀ 10 ਲੱਖ ਭਾਰਤੀ ਮੁਦਰਾ ਦੇ ਲਗਭਗ ਬਣਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੈਨੇਡਾ ਬੈਂਕ ਵਿੱਚ ਜੀਆਈਸੀ ਖਾਤਾ ਵੀ ਖੁਲਵਾਉਣਾ ਪੈਂਦਾ ਹੈ, ਜਿਸ ਵਿੱਚ 5 ਲੱਖ ਭਾਰਤੀ ਕਰੰਸੀ ਕੈਨੇਡਾ ਡਾਲਰ ਵਿੱਚ ਬਦਲ ਕੇ ਜਮ੍ਹਾ ਕਰਵਾਈ ਜਾਂਦੀ ਹੈ।

ਹਾਲ ਹੀ ਵਿੱਚ ਅਮਰੀਕੀ ਡਾਲਰ ਦੀ ਕੀਮਤ ਵਿੱਚ ਜਿਸ ਤੇਜੀ ਨਾਲ ਉਛਾਲ ਆ ਰਿਹਾ ਹੈ, ਉਸ ਕਾਰਨ ਉਨ੍ਹਾਂ ਮਾਪਿਆਂ ਦੀ ਚਿੰਤਾ ਵੱਧ ਗਈ ਹੈ, ਜਿਨ੍ਹਾਂ ਦੇ ਬੱਚੇ  ਕੈਨੇਡਾ, ਆਸਟਰੇਲੀਆ, ਨਿਊਜੀਲੈਂਡ, ਯੂਰਪੀ ਦੇਸ਼ਾਂ ਤੋਂ ਇਲਾਵਾ ਅਮਰੀਕਾ ਜਾਂ ਯੂਕੇ ਵਿੱਚ ਪੜ੍ਹ ਰਹੇ ਹਨ। ਅਮਰੀਕੀ ਡਾਲਰ ਦੀ ਕੀਮਤ ਦਾ ਅਸਰ ਕੈਨੇਡੀਅਨ ਡਾਲਰ ਉੱਤੇ ਵੀ ਪਿਆ ਹੈ। ਪਹਿਲਾਂ ਜਿੱਥੇ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ ਦੇ ਲਗਭਗ ਸੀ, ਉੱਥੇ ਹੁਣ 54 ਰੁਪਏ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਜੇਕਰ ਕੈਨੇਡਾ ਫੀਸ ਭੇਜਣੀ ਹੈ, ਤਾਂ ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ 80 ਹਜਾਰ ਰੁਪਏ ਵੱਧ ਦੇਣੇ ਹੋਣਗੇ। ਇਸ ਤੋਂ ਇਲਾਵਾ ਜੀਆਈਸੀ ਖਾਤਾ ਖੁਲਵਾਉਣ ਲਈ ਵੀ 40 ਹਜਾਰ ਰੁਪਏ ਵਾਧੂ ਅਦਾ ਕਰਨਾ ਹੋਣਗੇ।

ਇਸੇ ਤਰ੍ਹਾਂ ਕੈਨੇਡਾ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਉੱਤੇ ਹਰ ਸਾਲ 2 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ। ਕੈਨੇਡਾ ਵਿੱਚ ਸਤੰਬਰ, ਜਨਵਰੀ ਵਿੱਚ ਦੋ ਵਾਰ ਦਾਖ਼ਲਾ ਹੁੰਦਾ ਹੈ। ਇਨ੍ਹਾਂ ਦਿਨੀਂ ਜਨਵਰੀ ਦੇ ਦਾਖ਼ਲੇ ਦੀ ਪ੍ਰਕਿਰਿਆ ਚੱਲ ਰਹੀ ਹੈ। ਆਸਟਰੇਲੀਅਨ ਡਾਲਰ ਦੀ ਕੀਮਤ 49 ਤੋਂ ਵੱਧ ਕੇ 52 ਰੁਪਏ ਤੱਕ ਪਹੁੰਚ ਗਈ ਹੈ। ਹੁਣ 3 ਰੁਪਏ ਪ੍ਰਤੀ ਡਾਲਰ ਵਿਦਿਆਰਥੀਆਂ ਉੱਤੇ ਵਾਧੂ ਬੋਝ ਪੈ ਗਿਆ ਹੈ। ਦਿੱਕਤ ਉਨ੍ਹਾਂ ਵਿਦਿਆਰਥੀਆਂ ਲਈ ਜਿਆਦਾ ਹੋ ਗਈ ਹੈ, ਜਿਨ੍ਹਾਂ ਦੀ ਫੀਸ ਭਾਰਤ ਤੋਂ ਆਉਂਦੀ ਹੈ।  

ਐਸੋਸੀਏਸ਼ਨ ਆਫ਼ ਓਵਰਸੀਜ਼ ਐਜੂਕੇਸ਼ਨ ਕੰਸਲਟੈਂਟ ਦੇ ਸਾਬਕਾ ਪ੍ਰਧਾਨ ਸੁਕਾਂਤ ਤ੍ਰਿਵੇਦੀ ਦਾ ਕਹਿਣਾ ਹੈ ਕਿ ਕੈਨੇਡਾ ਤੇ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਉੱਤੇ ਕਾਫੀ ਅਸਰ ਪਿਆ ਹੈ। ਅਚਾਨਕ ਡੇਢ ਲੱਖ ਦਾ ਵਾਧੂ ਬੋਝ ਪੈ ਗਿਆ ਹੈ, ਜਿਸ ਨੂੰ ਸਹਿਣ ਕਰਨਾ ਔਖਾ ਹੋਵੇਗਾ।

ਹੋਰ ਖਬਰਾਂ »