ਪੁਲਿਸ ਨੇ 16 ਸਾਲਾ ਅੱਲੜ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਪੁਲਿਸ ਨੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਇੱਕ 16 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਫਲੀ ਮਾਰਕਿਟ ਵਿੱਚ ਵਾਪਰੀ ਇਸ ਘਟਨਾ ਦੌਰਾਨ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਗੋਲੀਬਾਰੀ ਹਥਿਆਰਾਂ ਦੀ ਨੋਕ ਉੱਤੇ ਲੁੱਟ-ਖੋਹ ਕਰਨ ਦੌਰਾਨ ਕੀਤੀ ਗਈ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ ਦੁਪਹਿਰ ਸਾਢੇ ਤਿੰਨ ਵਜੇ ਫੋਨ ਆਇਆ ਸੀ ਕਿ 404 ਓਲਡ ਵੈਸਟਨ ਰੋਡ ਉੱਤੇ ਸਥਿਤ ‘ਟੋਰਾਂਟੋ ਵੈਸਟ ਫਲੀ ਮਾਰਕਿਟ’ ਵਿੱਚ ਗੋਲੀਬਾਰੀ ਦੀ ਵਾਰਦਾਤ ਹੋਈ ਹੈ। ਇਸ ਉੱਤੇ ਪੁਲਿਸ ਘਟਨਾ ਵਾਲੀ ਥਾਂ ਪੁੱਜ ਗਈ, ਜਿੱਥੇ ਕਿ ਇੱਕ 65 ਸਾਲਾ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਬਾਅਦ ਵਿੱਚ ਪੈਰਾਮੈਡਿਕਸ ਨੇ ਮ੍ਰਿਤਕ ਐਲਾਨ ਦਿੱਤਾ।ਦੇਰ ਰਾਤ ਕੀਤੀ ਪ੍ਰੈਸ ਕਾਨਫਰੰਸ ਵਿੱਚ ਟੋਰਾਂਟੋ ਹੋਮੀਸਾਈਡ ਡਿਟੈਕਟਿਵ ਮਾਈਕਲ ਕੈਂਪਬੈਲ ਨੇ ਮ੍ਰਿਤਕ ਦੀ ਪਛਾਣ ਮਾਰਕਿਟ ਦੇ ਮੁਲਾਜ਼ਮ ਰੋਕੋ ਸਕੈਵੇਟਾ ਵਜੋਂ ਕੀਤੀ।  ਪੁਲਿਸ ਨੇ ਦੱਸਿਆ ਕਿ ਮਾਰਕਿਟ ਵਿੱਚ ਰੋਕੋ ਸਕੈਵੇਟਾ ਦਾ ਅਕਸ ਸਾਫ਼-ਸੁਥਰਾ ਸੀ। ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਫਲੀ ਮਾਰਕਿਟ ਵਿੱਚ ਲੁੱਟ-ਖੋਹ ਕਰਨ ਆਏ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਚਲਾਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਆਰਾਮ ਨਾਲ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਇੱਕ ਸ਼ੱਕੀ ਭੱਜ ਕੇ ਨੇੜਲੀ ਸਬਡਿਵਜ਼ਨ ਵਿੱਚ ਚਲਾ ਗਿਆ ਸੀ, ਜਿੱਥੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਕੋਲੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ। ਹੋਰਨਾਂ ਸ਼ੱਕੀਆਂ ਦੀ ਭਾਲ ਅਜੇ ਜਾਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.