ਪਿਓਂਗਯਾਂਗ,  10 ਸਤੰਬਰ (ਹ.ਬ.) : ਉਤਰ ਕੋਰੀਆ ਨੇ ਅਪਣੀ 70ਵੀਂ ਵਰ੍ਹੇਗੰਢ  ਮੌਕੇ ਐਤਵਾਰ ਨੂੰ ਸ਼ਾਨਦਾਰ ਫ਼ੌਜੀ ਪਰੇਡ ਕੱਢੀ।  ਪਰ ਇਸ ਪਰੇਡ ਵਿਚ ਉਸ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਅਪਣੀਆਂ  ਅਤਿ ਆਧੁਨਿਕ ਮਿਜ਼ਾਈਲਾਂ ਦਾ ਪ੍ਰਦਰਸ਼ਨ ਨਹਂੀਂ ਕੀਤਾ।  ਇਸ ਦੀ ਬਜਾਏ ਸਾਲਾਨਾ ਪਰੇਡ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਵਿਚ ਨਾਗਰਿਕਾਂ ਦੇ  ਸਹਿਯੋਗ 'ਤੇ ਕੇਂਦਰਤ ਰਹੀ।ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਹੈ। ਟਵੀਟ ਵਿਚ ਟਰੰਪ ਨੇ ਕਿਹਾ ਕਿ ਮਾਹਰਾਂ ਦਾ ਮੰਨਣਾ ਹੈ ਕਿ ਉਤਰ ਕੋਰੀਆ ਨੇ ਅਜਿਹਾ ਟਰੰਪ ਨੂੰ ਦਿਖਾਉਣ ਦੇ ਲਈ ਕੀਤਾ। ਟਰੰਪ ਦਾ ਮੰਨਣਾ ਹੈ ਕਿ ਇਸ ਨਾਲ ਦੁਨੀਆ ਵਿਚ ਕਾਫੀ ਸਕਾਰਾਤਮਕ ਸੰਦੇਸ਼ ਜਾਵੇਗਾ। ਟਰੰਪ ਨੇ ਟਵੀਟ ਕੀਤਾ, ਉਤਰ ਕੋਰੀਆ ਨੇ ਅੱਜ ਅਪਣੇ 70ਵੇਂ ਸਥਾਪਨਾ ਦਿਵਸ ਦੀ ਪਰੇਡ ਵਿਚ ਪਰਮਾਣੂ ਮਿਜ਼ਾਈਲ ਦਾ ਪ੍ਰਦਰਸ਼ਨ ਨਹੀਂ ਕੀਤਾ। ਦੱਸਣਯੋਗ ਹੈ ਕਿ ਉਤਰੀ ਕੋਰੀਆ ਦੇ ਸਰਬਉਚ ਨੇਤਾ ਕਿਮ ਜੋਂਗ ਉਨ ਪਰੇਡ  ਵਿਚ ਸ਼ਾਮਲ ਹੋਏ ਪਰ ਉਨ੍ਹਾਂ ਨੇ ਪਰੇਡ ਦੇਖਣ ਆਏ ਕਰੀਬ 50 ਹਜ਼ਾਰ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ।   ਚੀਨ ਦੀ ਸੰਸਦ ਦੇ ਮੁਖੀ ਲੀ ਜਾਨਸੂ ਤੋਂ ਇਲਾਵਾ ਉਤਰੀ ਕੋਰੀਆ ਦੇ ਸਹਿਯੋਗੀ ਦੇਸ਼ਾਂ ਦੇ ਵਫ਼ਦ ਤੇ ਰੂਸੀ ਸੰਸਦ ਦੇ ਉਚ ਸਦਨ ਦੀ ਮੁਖੀ ਵੈਲੇਂਟਿਨਾ ਵੀ ਪਰੇਡ ਦੇਖਣ ਪੁੱਜੀ। ਪਰੇਡ ਦੀ ਸ਼ੁਰੂਆਤ  ਉਤਰੀ ਕੋਰੀਆ ਦੀ ਸੰਸਦ ਦੇ ਮੁਖੀ ਕਿਮ ਯੋਂਗ ਨਾਮ ਦੇ ਭਾਸ਼ਣ ਨਾਲ ਹੋਈ,ਜਿਹੜੀ ਦੇਸ਼ ਦੀ ਪਰਮਾਣੂ ਸ਼ਕਤੀ ਦੀ ਥਾਂ ਆਰਥਿਕ ਟੀਚਿਆਂ 'ਤੇ ਕੇਂਦਰਤ ਸੀ। ਪਰੇਡ ਵਿਚ ਟੈਂਕਾਂ ਤੇ ਮਿਜ਼ਾਈਲਾਂ ਦਾ ਸੀਮਤ ਪ੍ਰਦਰਸ਼ਨ ਕੀਤਾ ਗਿਆ। ਵੱਖ ਵੱਖ ਫ਼ੌਜੀ ਦਸਤਿਆਂ ਦੇ ਮਾਰਚ ਦੇ ਨਾਲ ਨਾਲ ਨਰਸਾਂ ਤੇ ਉਸਾਰੀ ਕਾਮੇ ਰੰਗ ਬਿਰੰਗੇ ਕੱਪੜੇ ਪਾ ਕੇ ਪਰੇਡ ਵਿਚ ਸ਼ਾਮਲ ਹੋਏ। ਪਿਛਲੇ ਸਾਲਾਂ ਦੀ ਪਰੇਡ ਵਿਚ ਉਤਰੀ ਕੋਰੀਆ ਨੇ ਅਪਣੀ ਫ਼ੋਜੀ ਤਾਕਤ ਤੇ ਮਿਜ਼ਾਈਲਾਂ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ ਪਰ ਇਸ ਵਾਰ ਵੀ ਪਰੇਡ ਵਿਚ ਅਤਿ ਆਧੁਨਿਕ ਮਿਜ਼ਾਈਲਾਂ ਦੇ ਪ੍ਰਦਰਸ਼ਨ ਤੋਂ ਪਰਹੇਜ਼ ਨੂੰ ਪਰਮਾਣੂ  ਹਥਿਆਰਬੰਦੀ ਸਬੰਧੀ  ਕਿਮ ਦੇ ਹੁਣੇ ਜਿਹੇ  ਕੀਤੇ ਗਏ ਵਾਅਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ