ਖੁਫ਼ੀਆ ਏਜੰਸੀਆਂ ਨੇ ਜਤਾਇਆ ਸ਼ੱਕ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਸਰਕੂਲਰ

ਮੁਰਾਦਾਬਾਦ,  10 ਸਤੰਬਰ (ਹ.ਬ.) : ਸਾਲ 2005 ਵਿਚ ਭਾਰਤ-ਪਾਕਿ ਕ੍ਰਿਕਟ ਮੈਚ ਦੇਖਣ ਦੇ ਬਹਾਨੇ ਦੇਸ਼ ਵਿਚ ਦਾਖ਼ਲ ਹੋਏ 56 ਪਾਕਿਸਤਾਨੀ ਗੁੰਮ ਹੋ ਗਏ ਸੀ। ਖੁਫ਼ੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਮੋਹਾਲੀ, ਦਿੱਲੀ ਆਦਿ ਜਗ੍ਹਾ ਤੋਂ ਲਾਪਤਾ ਇਨ੍ਹਾਂ ਵਿਚੋਂ ਕਈ ਲੋਕ ਪੱਛਮੀ ਉਤਰ ਪ੍ਰਦੇਸ਼ ਵਿਚ ਅੱਤਵਾਦ ਦੀ ਪਾਠਸ਼ਾਲਾ ਚਲਾ ਰਹੇ ਹਨ। ਇਹ ਪਾਕਿਸਤਾਨ ਵਿਚ ਮੌਜੂਦ ਅਪਣੇ ਆਕਾਵਾਂ ਦੇ ਇਸ਼ਾਰੇ 'ਤੇ ਭੋਲੇ ਭਾਲੇ ਨੌਜਵਾਨਾਂ ਨੂੰ ਵਰਗਲਾ ਕੇ ਅੱਤਵਾਦੀ ਸਰਗਰਮੀਆਂ ਵਿਚ ਧੱਕਣ ਦਾ ਕੰਮ ਕਰ ਰਹੇ ਹਨ। ਗ੍ਰਹਿ ਮੰਤਰਾਲੇ ਨੇ ਪੱਛਮੀ ਉਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਲਾਪਤਾ ਪਾਕਿਸਤਾਨੀਆਂ ਦੀ ਸੂਚੀ ਦੇ ਨਾਲ ਹੀ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਨੰਬਰ ਭੇਜ ਕੇ  ਇਨ੍ਹਾਂ ਲੱਭਣ ਦਾ ਹੁਕਮ ਦਿੱਤਾ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਦੇ ਸਰਕੂਲਰ ਵਿਚ ਦੱਸਿਆ ਗਿਆ ਹੈ ਕਿ ਕ੍ਰਿਕਟ ਮੈਚ ਦੇਖਣ ਆਏ  ਪਾਕਿਸਤਾਨੀਆਂ ਦੀ ਗਿਣਤੀ ਕਰੀਬ ਛੇ ਹਜ਼ਾਰ ਸੀ। ਬਾਕੀ ਤਾਂ ਮੈਚ  ਖਤਮ ਹੋਣ ਤੋਂ ਬਾਅਦ ਪਾਕਿਸਤਾਨ ਪਰਤ ਗਏ ਲੇਕਿਨ 56 ਪਾਕਿ ਨਾਗਰਿਕ ਅਪਣੇ ਦੇਸ਼ ਨਹੀਂ ਪਰਤੇ। ਖੁਫ਼ੀਆ ਏਜੰਸੀਆਂ ਨੂੰ ਮਿਲੇ ਗ੍ਰਹਿ ਮੰਤਰਾਲੇ ਦੇ ਪੱਤਰ ਦੇ ਅਨੁਸਾਰ ਮੋਹਾਲੀ ਤੋਂ 11, ਬੰਗਲੌਰ ਤੋਂ 29  ਅਤੇ ਦਿੱਲੀ ਤੇ ਕਾਨਪੁਰ ਤੋਂ 16 ਪਾਕਿਸਤਾਨੀ ਨਾਗਰਿਕ ਸਥਾਨਕ ਖੁਫੀਆ ਏਜੰਸੀਆਂ ਦੀ ਅੱਖਾਂ ਤੋਂ ਓਝਲ ਹੋ ਗਏ ਸੀ। ਇਨ੍ਹਾਂ ਦਾ ਅੱਜ ਤੱਕ ਪਤਾ ਨਹੀਂ ਚਲ ਸਕਿਆ ਹੈ। ਇਹ ਨਾ ਤਾਂ ਅੱਜ ਤੱਕ ਪਾਕਿਸਤਾਨ ਪਰਤੇ ਹਨ ਅਤੇ ਨਾਲ ਹੀ ਦੇਸ਼ ਵਿਚ ਕਿਤੇ ਪੁਲਿਸ ਜਾਂ ਖੁਫ਼ੀਆ ਏਜੰਸੀਆਂ ਦੇ ਹੱਥੇ ਚੜ੍ਹੇ ਹਨ। ਇਨ੍ਹਾਂ ਸਾਰਿਆਂ ਦਾ ਵੀਜ਼ਾ ਖਤਮ ਹੋ ਚੁੱਕਾ ਹੈ। ਲਾਪਤਾ ਹੋਣ ਵਾਲੇ ਪਾਕਿ ਨਾਗਰਿਕਾਂ ਵਿਚ ਲਾਹੌਰ, ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਤਮਾਮ ਸ਼ਹਿਰਾਂ ਦੇ ਨਾਗਰਿਕ ਸ਼ਾਮਲ ਹਨ। ਗ੍ਰਹਿ ਮੰਤਰਾਲੇ ਦੇ ਤਾਜ਼ਾ ਪੱਤਰ ਵਿਚ  ਸ਼ੱਕ ਜਤਾਇਆ ਗਿਆ ਕਿ ਇਹ ਪਾਕਿਸਤਾਨੀ  ਨਾਗਰਿਕ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹਨ ਅਤੇ ਯੂਪੀ ਦੇ ਸ਼ਹਿਰ ਅਤੇ ਕਸਬਿਆਂ ਵਿਚ ਬੇਹੱਦ ਗੁਪਤ ਢੰਗ ਨਾਲ ਅੱਤਵਾਦੀ ਆਪਰੇਸ਼ਨ ਚਲਾ ਰਹੇ ਹਨ।  ਇਸ ਸਬੰਧੀ ਐਸਪੀ, ਇੰਟੈਲੀਜੈਂਸ, ਮੁਰਾਦਾਬਾਦ ਦਾ ਕਹਿਣਾ ਹੈ ਕਿ ਲਾਪਤਾ ਪਾਕਿਸਤਾਨੀਆਂ ਨੂੰ ਲੱਭਣ ਦੇ ਲਈ ਏਜੰਸੀਆਂ ਅਪਣਾ ਕੰਮ ਕਰ ਰਹੀਆਂ ਹਨ। ਇਹ ਗੁਪਤ ਮਾਮਲਾ ਹੈ। ਇਸ ਲਈ ਇਸ ਨੂੰ ਲੈ ਕੇ ਕੋਈ ਵੀ ਤੱਥ ਮੀਡੀਆ ਜਾਂ ਹੋਰ ਕਿਸੇ ਵਿਅਕਤੀ ਦੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ।

ਹੋਰ ਖਬਰਾਂ »