ਮੋਹਾਲੀ,  11 ਸਤੰਬਰ (ਹ.ਬ.) : ਸੜਕ ਹਾਦਸੇ ਦੌਰਾਨ ਭੈਣ-ਭਰਾ ਦੀ ਮੌਤ ਹੋ ਗਈ। ਘਟਨਾ ਫੇਜ਼ 10 ਤੇ 11 ਦੇ ਡਿਵਾਈਡਰ 'ਤੇ ਵਾਪਰੀ। ਜਿੱਥੇ ਹੌਂਡਾ ਸਿਟੀ ਕਾਰ ਸਵਾਰ ਨੇ ਸੈਰ ਕਰਨ ਨਿਕਲੇ ਭੈਣ-ਭਰਾ ਨੂੰ ਦਰੜ ਦਿੱਤਾ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਲੜਕੀ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ।  ਮ੍ਰਿਤਕਾ ਦੀ ਪਛਾਣ ਇੰਦਰਜੀਤ ਕੌਰ (40) ਤੇ ਅਮਨਦੀਪ ਸਿੰਘ (37) ਦੇ ਰੂਪ ਵਿਚ ਹੋਈ। ਟੱਕਰ ਮਾਰਨ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ ਤੇ ਥੋੜ੍ਹੀ ਦੂਰ ਜਾ ਕੇ ਅਚਾਨਕ ਗੱਡੀ ਖਰਾਬ ਹੋ ਗਈ ਤੇ ਪਿੱਛੇ ਕਰਦੇ ਲੋਕਾਂ ਨੇ ਉਸ ਨੂੰ ਫੜ ਲਿਆ।  ਮੁਲਜ਼ਮ ਕਾਰ ਡਰਾਈਵਰ ਮੁਕਤਸਰ ਦਾ ਰਹਿਣ ਵਾਲਾ ਹੈ।  ਜਿਸ ਦਾ ਨਾਂ ਰਣਜੀਤ ਸਿੰਘ ਹੈ ਜਿਹੜਾ ਕਿ ਪੇਸ਼ੇ ਤੋਂ ਪੰਜਾਬੀ ਗਾਇਕ ਤੇ ਗੀਤਕਾਰ ਹੈ। ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਦਸਾ ਐਨਾ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਇੱਥੇ ਲੋਕ ਇਕੱਠੇ ਹੋ ਗਏ। ਇਕ ਵਿਅਕਤੀ ਨੇ ਨਾਂ ਛਾਪਣ  ਦੀ ਸ਼ਰਤ 'ਤੇ ਦੱਸਿਆ ਕਿ ਮੌਕੇ 'ਤੇ ਪੁੱਜੇ ਲੋਕ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਦੇ ਰਹੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।  ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖਮੀਆਂ ਨੂੰ ਸੈਕਟਰ 32 ਦੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਦੇ ਸਾਹਮਣੇ ਇੰਦਰਜੀਤ ਕੌਰ ਨੇ ਦਮ ਤੋੜਿਆ ਜਦ ਕਿ ਡਾਕਟਰਾਂ ਮੁਤਾਬਕ ਅਮਨਦੀਪ ਸਿੰਘ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਚੁੱਕਾ ਸੀ।

ਹੋਰ ਖਬਰਾਂ »