ਗੁਰਦਾਸਪੁਰ,  12 ਸਤੰਬਰ (ਹ.ਬ.) : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ  ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਦੌਰਾਨ ਅਕਾਲੀਆਂ ਤੇ ਕਾਂਗਰਸੀ ਆਗੂਆਂ ਵਿਚ ਹੋਏ ਟਕਰਾ ਮਗਰੋਂ ਪੁਲਿਸ ਨੇ ਏਐਸਆਈ ਦੇ ਬਿਆਨਾਂ 'ਤੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਸਮੇਤ 14 ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਅਮਰਜੀਤ ਸਿੰਘ ਬੱਬੇਹਾਲੀ, ਦਿਲਪ੍ਰੀਤ ਸਿੰਘ ਦਾਖਲਾ, ਕੁਲਜਿੰਦਰ ਸਿੰਘ ਬੱਬੇਹਾਲੀ, ਕਸ਼ਮੀਰ ਸਿੰਘ, ਕਿਰਪਾਲ ਸਿੰਘ, ਅਵਤਾਰ ਸਿੰਘ, ਸਰਪੰਚ ਕਾਲਾ ਨੰਗਲ, ਜਗੀਰ ਸਿੰਘ ਭੁੰਬਲੀ, ਹਰਬਰਿੰਦਰ ਸਿੰਘ ਹੈਪੀ ਪਾਹੜਾ, ਬੱਬੂ ਜੀਵਨਵਾਲ, ਸਤੀਸ਼ ਕੁਮਾਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ, ਹਰਪ੍ਰੀਤ ਸਿੰਘ ਬੱਬਰੀ, ਸੁੱਚਾ ਸਿੰਘ ਹੇਮਰਾਜਪੁਰ, ਮਹਿੰਦਰ ਸਿੰਘ ਸਿੱਧਵਾਂ ਤੇ ਲਾਲੀ ਮੁਸਤਫਾਪੁਰ ਆਦਿ ਸ਼ਾਮਲ ਹਨ। ਇਸ ਦੇ ਵਿਰੋਧ ਵਿਚ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਸੋਮਵਾਰ ਨੂੰ ਐਸਡੀਐਮ  ਦਫ਼ਤਰ ਵਿਚ  ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾਂ ਦੀ ਨਾਮਜ਼ਦਗੀ ਪੱਤਰ ਦੀ ਪ੍ਰਕਿਰਿਆ ਚਲ ਰਹੀ ਸੀ। ਇਸ ਦੌਰਾਨ ਕਾਂਗਰਸੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਅਕਾਲੀਆਂ ਨੂੰ ਲਾਠੀਚਾਰਜ ਕਰਕੇ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ ਤੇ  ਫੇਰ ਏਐਸਆਈ ਧਰਮਜੀਤ ਦੇ ਬਿਆਨਾਂ 'ਤੇ ਉਨ੍ਹਾਂ ਦੇ ਪੁੱਤਰ  ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਸਮੇਤ 14 ਜਣਿਆਂ 'ਤੇ ਮਾਮਲਾ ਦਰਜ ਕਰ ਲਿਆ। ਉਨ੍ਹਾਂ ਮੁਤਾਬਕ ਹਮਲੇ ਦੌਰਾਨ ਅਕਾਲੀ ਵਰਕਰ ਕੁਲਜਿੰਦਰ ਸਿੰਘ ਬੱਬੇਹਾਲੀ ਤੇ ਕਰਮਜੀਤ ਸਿੰਘ ਗੁੰਜੀਆ ਦੀਆਂ ਪੱਗਾਂ ਲੱਥ ਗਈਆਂ ਸਨ।

ਹੋਰ ਖਬਰਾਂ »