ਇਸਲਾਮਾਬਾਦ,  13 ਸਤੰਬਰ (ਹ.ਬ.) : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਧੀ ਮਰੀਅਮ ਅਤੇ ਜਵਾਈ ਸਫਦਰ ਦੀ ਪੈਰੋਲ ਨੂੰ ਤਿੰਨ ਦਿਨ ਲਈ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤਿੰਨਾਂ ਨੂੰ 12 ਘੰਟੇ ਦੇ ਲਈ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਸਾਰਿਆਂ ਨੂੰ ਬੇਗਮ ਕੁਲਸੁਮ ਨਵਾਜ਼ ਦੇ ਸਸਕਾਰ ਵਿਚ ਸ਼ਾਮਲ ਹੋਣ ਦੇ ਲਈ ਪੈਰੋਲ ਦਿੱਤੀ ਗਈ ਹੈ। ਸ਼ਰੀਫ ਦੀ ਬਿਮਾਰ ਪਤਨੀ ਕੁਲਸੁਮ ਦਾ ਲੰਡਨ ਦੇ Îਇੱਕ ਹਸਪਤਾਲ ਵਿਚ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਸੀ 
ਨਵਾਜ਼ ਸ਼ਰੀਫ ਦੇ ਪਰਿਵਾਰ ਵਾਲਿਆਂ ਨੇ ਤਿੰਨਾਂ ਨੂੰ ਪੰਜ ਦਿਨ ਦੀ ਪੈਰੋਲ ਦੇਣ ਦੇ ਲਈ ਅਰਜ਼ੀ ਦਿੱਤੀ ਸੀ। ਪੰਜਾਬ ਸੂਬੇ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਤਾਬਕ ਨਵਾਜ਼ , ਮਰੀਅਮ ਅਤੇ ਸਫਦਰ ਦੀ ਪੈਰੋਲ ਨੂੰ 3 ਦਿਨ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸਮਾਂ ਸ਼ਨਿੱਚਰਵਾਰ ਰਾਤ ਤੱਕ ਖਤਮ ਹੋਵੇਗਾ। 
ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਅਤੇ ਪਰਿਵਾਰ ਦੇ ਮੈਂਬਰ ਸ਼ੋਕ ਜਤਾਉਣ ਲਈ ਸ਼ਰੀਫ ਦੇ ਘਰ ਪਹੁੰਚ ਰਹੇ ਹਨ। ਕੁਲਸੁਮ ਨੂੰ ਸ਼ੁੱਕਰਵਾਰ ਨੂੰ ਸਪੁਦਰ ਏ ਖਾਕ ਕੀਤਾ ਜਾਵੇਗਾ।  ਨਵਾਜ਼ ਸ਼ਰੀਫ ਦੇ ਆਸਪਾਸ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ ਹੈ। 
ਤਿੰਨਾਂ ਨੂੰ ਲੰਡਨ  ਦੇ ਪ੍ਰਾਪਰਟੀ ਕੇਸ ਵਿਚ ਪਾਕਿਸਤਾਨ ਦੇ ਨੈਸ਼ਨਲ ਅਕਾਊਂਟਬਿਲਿਟੀ ਬਿਊਰੋ ਨੇ ਸਜ਼ਾ ਸੁਣਾਈ ਹੈ। ਨਵਾਜ਼ ਸ਼ਰੀਫ ਨੂੰ ਦਸ ਸਾਲ ਅਤੇ ਉਨ੍ਹਾਂ ਦੀ ਧੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜਵਾਈ ਨੂੰ Îਇੱਕ ਸਾਲ ਦੀ ਸਜ਼ਾ ਮਿਲੀ ਹੈ। ਤਿੰਨੋਂ ਜਣੇ 13 ਜੁਲਾਈ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ  ਵਿਚ ਬੰਦ ਹਨ। 68 ਸਾਲਾ ਕੁਲਸੁਮ ਗਲ਼ੇ ਦੇ ਕੈਂਸਰ  ਨਾਲ ਪੀੜਤ ਸੀ ਅਤੇ ਮੰਗਲਵਾਰ ਨੂੰ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। 

ਹੋਰ ਖਬਰਾਂ »