ਨਵੀਂ ਦਿੱਲੀ,  14 ਸਤੰਬਰ (ਹ.ਬ.) : ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਨੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਨੂੰ ਅਦਾਲਤ ਵਿਚ ਦੇਖ ਲੈਣ ਦਾ Îਇਰਾਦਾ ਤਿਆਗ ਦਿੱਤਾ ਹੈ।  ਸ਼ਿਵਿੰਦਰ  ਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਦੋਵਾਂ ਬੱਚਿਆਂ ਨੂੰ ਅਦਾਲਤ ਦੇ ਬਾਹਰ ਪਰਵਾਰ ਦੇ ਵੱਡੇ ਬਜ਼ੁਰਗਾਂ ਸਾਹਮਣੇ ਮਾਮਲਾ ਸੁਲਝਾਉਣ  ਲਈ ਕਿਹਾ ਹੈ। ਇਸ ਹਾਲਤ ਵਿਚ ਉਨ੍ਹਾਂ ਨੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਖ਼ਿਲਾਫ਼ ਨੈਸ਼ਨਲ ਕੰਪਨੀ ਲਾਅ  ਟ੍ਰਿਬਿਊਨਲ ਵਿਚ ਪਿਛਲੇ ਦਿਨੀਂ ਦਾਖ਼ਲ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਦੁਹਰਾਇਆ ਕਿ ਜੇਕਰ ਪਰਿਵਾਰਕ ਸਮਝੌਤੇ ਨਾਲ ਗੱਲਬਾਤ ਨਾ ਬਣੀ ਤਾਂ ਉਹ ਵੱਡੇ ਭਰਾ ਖ਼ਿਲਾਫ ਮੁੜ ਐਨਸੀਐਲਟੀ ਦੀ ਸ਼ਰਨ ਵਿਚ ਜਾਣਗੇ।  ਸ਼ਿਵਿੰਦਰ ਨੇ ਇਸੇ ਮਹੀਨੇ ਐਨਸੀਐਲਟੀ ਦੇ ਦਿੱਲੀ ਬੈਂਚ ਵਿਚ ਅਪੀਲ ਦਾਖ਼ਲ ਕੀਤੀ ਸੀ। ਅਪੀਲ ਵਿਚ ਸ਼ਿਵਿੰਦਰ ਨੇ ਵੱਡੇ ਭਰਾ ਤੇ ਗੋਧਵਾਨੀ 'ਤੇ ਆਪਸੀ ਗੰਢਤੁਪ ਨਾਲ ਨਿਵੇਸ਼ਕਾਂ ਤੇ ਕੰਪਨੀ ਦੇ ਹਿਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਸੀ। ਅਪਣੇ ਕਦਮ ਦੀ ਪੁਸ਼ਟੀ ਕਰਦਿਆਂ ਵੀਰਵਾਰ ਨੂੰ ਸ਼ਿਵਿੰਦਰ ਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐਨਸੀਐਲਟੀ ਵਿਚ ਦਾਖ਼ਲ ਕੇਸ ਵਾਪਸ ਲੈਣ ਸਬੰਧੀ ਅਰਜ਼ੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲੇ ਵਿਚ ਵਿਚੋਲਗੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜੇਕਰ ਗੱਲ ਨਹੀਂ ਬਣੀ ਤਾਂ  ਮੇਰੇ ਕੋਲ ਮੁੜ ਅਪੀਲ ਕਰਨ ਦਾ ਬਦਲ ਖੁਲ੍ਹਾ ਹੈ। 

ਹੋਰ ਖਬਰਾਂ »