ਲੰਡਨ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਲੰਡਨ ਵਿੱਚ ਇੱਕ ਭਾਰਤੀ ਅਰਬਪਤੀ ਨੇ ਆਪਣੀ ਧੀ ਲਈ 18 ਹਜਾਰ ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਖਰੀਦਿਆ ਹੈ। ਅਰਬਪਤੀ ਦੀ ਧੀ ਜਲਦ ਹੀ ਸਕਾਟਲੈਂਡ ਵਿੱਚ ਸੈਂਟ ਐਂਡਰਿਊਜ਼ ਯੂਨੀਵਰਸਿਟੀ ਵਿੱਚ ਆਪਣਾ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਕਦੇ ਪਹਿਲੇ ਵਿਸ਼ਵ ਯੁੱਧ ਦੇ ਫੀਲਡ ਮਾਰਸ਼ਲ ਰਹੇ ਅਰਲ ਹੇਗ ਅਤੇ ਉਸ ਦੇ ਪਰਿਵਾਰ ਦਾ ਆਸ਼ਿਆਨਾ ‘ਦਿ ਈਡੇਨ ਮੈਨਸ਼ਨ’ ਬੰਗਲਾ 1860 ਵਿੱਚ ਬਣਾਇਆ ਗਿਆ ਸੀ। ਹੁਣ ਇਹ ਆਪਣੇ ਭਾਰਤੀ ਮਾਲਕ ਦਾ ਸਵਾਗਤ ਕਰਨ ਲਈ ਤਿਆਰ ਹੈ। ਅੱਠ ਬੈਡਰੂਮ ਵਾਲੇ ਇਸ ਵਿਕਟੋਰੀਆਈ ਮੈਨਸ਼ਨ ਵਿੱਚ ਇੱਕ ਸਿਨੇਮਾ ਹਾਲ, ਬਾਰ, ਅਸਤਬਲ ਅਤੇ ਪੰਜ ਏਕੜ ਜ਼ਮੀਨ ਹੈ। ਖਾਸ ਗੱਲ ਇਹ ਹੈ ਕਿ ਸੈਂਟ ਐਂਡਰਿਊਜ਼ ਯੂਨੀਵਰਸਿਟੀ ਵਿੱਚ ਆਪਣੇ ਅੰਤਮ ਸਾਲ ਦੌਰਾਨ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਵੀ 2003 ਵਿੱਚ ਇਸ ਨੂੰ ਆਪਣੇ ਸੰਭਾਵਿਤ ਸਕਾਟਿਸ਼ ਘਰ ਦੇ ਤੌਰ ਉੱਤੇ ਦੇਖ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਅੰਤ ਵਿੱਚ ਇਸ ਦੇ ਨੇੜੇ ਹੀ ਇੱਕ ਕੌਟੇਜ ਖਰੀਦ ਲਿਆ ਸੀ। ਇਸ ਸੰਪਤੀ ਦੀ ਮਾਰਕੀਟਿੰਗ ਕਰਨ ਵਾਲੀ ਏਜੰਸੀ ਸੈਵਿਲਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਆਲੀਸ਼ਾਨ ਬੰਗਲਾ ਹੁਣ ਭਾਰਤੀ ਪਰਿਵਾਰ ਦਾ ਹੋ ਗਿਆ ਹੈ।

ਹੋਰ ਖਬਰਾਂ »