ਅਮਰੀਕਾ ਤੇ ਚੀਨ ਇੱਕ-ਦੂਜੇ ਉੱਤੇ ਪਹਿਲਾਂ ਹੀ ਲਾ ਚੁੱਕੇ ਹਨ 50 ਬਿਲੀਅਨ ਦਾ ਟੈਰਿਫ਼

ਵਾਸ਼ਿੰਗਟਨ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਵਿਰੁੱਧ ਛੇੜੀ ਟਰੇਡ ਵਾਰ ਨੂੰ ਲੈ ਕੇ ਸਖ਼ਤੀ ਲਗਾਤਾਰ ਵਧਦੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਹੁਣ ਚੀਨ ਨੂੰ ਸਬਕ ਸਿਖਾਉਣ ਲਈ 14 ਲੱਖ 42 ਹਜਾਰ ਕਰੋੜ ਰੁਪਏ ਦਾ ਟੈਰਿਫ਼ ਚੀਨੀ ਉਤਪਾਦਾਂ ਉੱਤੇ ਲਾਉਣ ਦੀ ਤਿਆਰੀ ਕਰ ਰਿਹਾ ਹੈ। ‘ਦਿ ਵਾਲ ਸਟਰੀਟ ਜਨਰਲ’ ਦੀ ਰਿਪੋਰਟ ਮੁਤਾਬਕ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਕਦਮ ਜਲਦੀ ਚੁੱਕੇ ਜਾ ਸਕਦੇ ਹਨ। ਚੀਨੀ ਉਤਪਾਦਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ਼ ਲਗਭਗ 10 ਫੀਸਦੀ ਹੋ ਸਕਦਾ ਹੈ। ਹਾਲਾਂਕਿ ਇਸ ਸਾਲ ਦੇ ਸ਼ੁਰੂ ਵਿੱਚ ਇਹ 25 ਫੀਸਦੀ ਕਿਹਾ ਗਿਆ ਸੀ। ਚੀਨ ਅਤੇ ਅਮਰੀਕਾ ਨੇ ਪਹਿਲਾਂ ਹੀ 50 ਬਿਲੀਅਨ ਦਾ ਟੈਰਿਫ਼ ਇੱਕ-ਦੂਜੇ ਦੇ ਉਤਪਾਦਾਂ ਉੱਤੇ ਲਾਇਆ ਹੋਇਆ ਹੈ। ਪੇਈਚਿੰਗ ਨੇ 60 ਬਿਲੀਅਨ ਅਮਰੀਕੀ ਡਾਲਰ ਦਾ ਟੈਰਿਫ਼ ਹੋਰ ਅਮਰੀਕੀ ਉਤਪਾਦਾਂ ਉੱਤੇ ਲਾਇਆ ਹੈ ਅਤੇ ਇਸ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਨਵੇਂ ਟੈਰਿਫ਼ ਪਲਾਨ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਕਾਰ ਟਰੇਡ ਵਾਰ ਦੇ ਅਗਲੇ ਪੱਧਰ ਉੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਵਾਈਟ ਹਾਊਸ ਦੇ ਬੁਲਾਰੇ ਲਿੰਡਸੇ ਵਾਲਟਰਸ ਨੇ ਅਗਲੇ ਟੈਰਿਫ਼ ਦੇ ਐਲਾਨ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਵਾਈਟ ਹਾਊਸ ਦੇ ਬੁਲਾਰੇ ਨੇ ਇਹ ਜ਼ਰੂਰ ਸਪੱਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਟਰੰਪ ਇਸ ਸਬੰਧ ਵਿੱਚ ਬਿਲਕੁਲ ਸਪੱਸ਼ਟ ਹਨ ਕਿ ਅਮਰੀਕੀ ਪ੍ਰਸ਼ਾਸਨ ਚੀਨ ਦੇ ਵਪਾਰ ਸਬੰਧੀ ਗ਼ਲਤ ਤਰੀਕਿਆਂ ਨੂੰ ਰੋਕਣ ਲਈ ਚੀਨੀ ਉਤਪਾਦਾਂ ਉੱਤੇ ਸਖ਼ਤ ਆਯਾਤ ਟੈਕਸ ਲਾਵੇਗਾ। ਬੁਲਾਰੇ ਨੇ ਕਿਹਾ ਕਿ ਅਸੀਂ ਚੀਨ ਨੂੰ ਵਾਰ-ਵਾਰ ਬੇਨਤੀ ਕਰਦੇ ਰਹੇ ਹਾਂ ਕਿ ਉਹ ਅਮਰੀਕਾ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਇਸ ਮੁੱਦੇ ਦਾ ਹੱਲ ਕੱਢੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਅਮਰੀਕਾ ਨਾਲ ਇਸ ਮੁੱਦੇ ਉੱਤੇ ਗੱਲਬਾਤ ਲਈ ਸਹਿਮਤੀ ਜਤਾ ਦਿੱਤੀ ਹੈ। 

ਹੋਰ ਖਬਰਾਂ »