ਮਿਆਂਮਾਰ,  17 ਸਤੰਬਰ (ਹ.ਬ.) : ਐਤਵਾਰ ਨੂੰ ਮਿਆਂਮਾਰ ਦੀ ਇੱਕ ਜੇਲ੍ਹ ਵਿਚ ਕੈਦੀਆਂ ਨੇ ਡਿਲੀਵਰੀ ਟਰੱਕ ਅਪਣੇ ਕਬਜ਼ੇ ਵਿਚ ਲੈ ਲਿਆ। ਟਰੱਕ ਦੀ ਸਹਾਇਤਾ ਨਾਲ ਦਰਜਨ ਭਰ ਤੋਂ ਜ਼ਿਆਦਾ ਕੈਦੀ ਜੇਲ੍ਹ ਦਾ ਗੇਟ ਤੋੜ ਕੇ ਭੱਜ ਗਏ।  ਮਿਆਂਮਾਰ ਪੁਲਿਸ ਫਰਾਰ ਕੈਦੀਆਂ ਦੀ ਭਾਲ ਵਿਚ ਜੁਟ ਗਈ ਹੈ। ਫਰਾਰ ਹੋਏ 41 ਕੈਦੀਆਂ ਵਿਚੋਂ ਤਿੰਨ ਨੂੰ ਮੁੜ ਫੜ ਲਿਆ ਗਿਆ ਹੈ। ਕੈਦੀਆਂ ਦੀ ਜੇਲ੍ਹ ਤੋਂ ਭੱਜਣ ਦੀ ਘਟਨਾ ਐਤਵਾਰ ਸਵੇਰੇ ਪੂਰਵੀ ਕਾਰਨ ਸੂਬੇ ਦੀ ਜੇਲ੍ਹ ਵਿਚ ਵਾਪਰੀ। ਕੈਦੀਆਂ ਨੇ ਜੇਲ੍ਹ ਵਿਚ ਮੌਜੂਦ ਇਕ ਟਰੱਕ 'ਤੇ ਕਬਜ਼ਾ ਕਰ ਲਿਆ। ਸਥਾਨਕ ਅਧਿਕਾਰੀ ਖਿਨ ਥੇਟ ਮਾਰ ਨੇ ਦੱਸਿਆ ਕਿ ਕੈਦੀਆਂ ਨੇ  ਇਕ ਜੇਲ੍ਹ ਅਧਿਕਾਰੀ 'ਤੇ ਹਮਲਾ ਵੀ ਕੀਤਾ ਅਤੇ ਟਰੱਕ ਲੈ ਕੇ ਜੇਲ੍ਹ ਤੋਂ ਭੱਜ ਗਏ। ਖਿਨ ਨੇ ਦੱਸਿਆ ਕਿ ਟਰੱਕ ਜਾਂ ਤਾਂ ਨਿਰਮਾਣ ਕਾਰਜ ਦੇ ਲਈ ਪੱਥਰ ਲੈ ਕੇ ਗਿਆ ਹੋਵੇਗਾ ਜਾਂ ਫੇਰ ਉਥੋਂ ਕੂੜਾ ਕਚਰਾ ਚੁੱਕਣ ਗਿਆ ਹੋਵੇਗਾ। ਖਿਨ ਥੇਟ ਮਾਰ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਪਣੇ ਪਿੰਡ  ਵਿਚ ਅਜਨਬੀ ਲੋਕਾਂ ਨੂੰ ਦੇਖੇ ਤਾਂ ਇਸ ਗੱਲ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦੇਣ।

ਹੋਰ ਖਬਰਾਂ »