ਵਾਸ਼ਿੰਗਟਨ,  17 ਸਤੰਬਰ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਦੇ ਖ਼ਿਲਾਫ਼ ਛੇੜੀ ਗਈ ਕਾਰੋਬਾਰੀ ਜੰਗ ਵਧਦੀ ਜਾ ਰਹੀ ਹੈ। ਹੁਣ ਟਰੰਪ ਪ੍ਰਸ਼ਾਸਨ ਦਬਾਅ ਵਧਾਉਣ ਦੇ ਲਈ ਚੀਨ ਦੇ ਉਤਪਾਦਾਂ 'ਤੇ 200 ਅਰਬ ਡਾਲਰ (ਕਰੀਬ 14.42 ਲੱਖ ਕਰੋੜ ਰੁਪਏ)  ਦਾ ਟੈਕਸ ਲਗਾਉਣ ਦੀ ਤਿਆਰੀ ਵਿਚ ਹੈ। 'ਦ ਵਾਲ ਸਟਰੀਟ ਜਨਰਲ' ਦੀ ਰਿਪੋਰਟ ਮੁਤਾਬਕ, ਟੈਕਸ ਵਿਵਾਦ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਵਿਚ ਮੁੜ ਤੋਂ ਨਵੇਂ ਪੱਧਰ 'ਤੇ ਗੱਲਬਾਤ ਹੋ ਸਕਦੀ ਹੈ। ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਕਦਮ ਬਹੁਤ  ਛੇਤੀ ਚੁੱਕਿਆ ਜਾ ਸਕਦਾ ਹੈ। ਆਰਥਿਕ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਸੂਤਰ ਮੁਤਾਬਕ, ਟੈਕਸ ਕਰੀਬ 10 ਫ਼ੀਸਦੀ ਹੋ ਸਕਦਾ ਹੈ। ਹਾਲਾਂਕਿ ਇਸ ਸਾਲ ਦੇ ਸ਼ੁਰੂ ਵਿਚ ਇਹ 25 ਫ਼ੀਸਦੀ ਕਿਹਾ ਗਿਆ ਸੀ। ਚੀਨ ਅਤੇ ਅਮਰੀਕਾ ਨੇ ਪਹਿਲਾਂ ਹੀ 50 ਅਰਬ ਡਾਲਰ ਦਾ ਟੈਕਸ ਇੱਕ ਦੂਜੇ ਦੇ ਉਤਪਾਦਾਂ 'ਤੇ ਲਗਾ ਦਿੱਤਾ ਹੈ। 
ਚੀਨ ਨੇ 60 ਅਰਬ ਡਾਲਰ ਦਾ ਟੈਕਸ ਹੋਰ ਅਮਰੀਕੀ ਉਤਪਾਦਾਂ 'ਤੇ ਲਗਾਇਆ ਹੈ। ਇਸ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਗਈ ਹੈ। ਟਰੰਪ ਪ੍ਰਸ਼ਾਸਨ ਦੀ ਨਵੀਂ ਟੈਕਸ ਯੋਜਨਾ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚ ਕਾਰੋਬਾਰੀ ਜੰਗ ਅਗਲੇ ਪੱਧਰ 'ਤੇ ਪੁੱਜਣ ਦੀ ਸੰਭਾਵਨਾ ਵਧ ਗਈ ਹੈ। ਵਾਈਟ ਹਾਊਸ ਦੇ ਬੁਲਾਰੇ ਲਿੰਡਸੇ ਵਾਲਟਰਸ ਨੇ ਟੈਕਸ ਦੇ ਐਲਾਨ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਵਾਲਟਰਸ ਮੁਤਾਬਕ, ਟਰੰਪ ਸਪਸ਼ਟ ਹਨ ਕਿ ਅਮਰੀਕੀ ਪ੍ਰਸ਼ਾਸਨ ਚੀਨ ਦੇ ਵਪਾਰ ਦੇ ਗਲਤ ਤਰੀਕਿਆਂ ਨੂੰ ਰੋਕਣ ਦੇ ਲਈ ਉਸ ਦੇ ਉਤਪਾਦਾਂ 'ਤੇ ਕੜਾ ਟੈਕਸ ਲਗਾਵੇਗਾ। ਚੀਨ ਨੂੰ ਵਾਰ ਵਾਰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਉਹ ਅਮਰੀਕਾ ਦੇ ਨਾਲ ਲੰਬੇ ਸਮੇਂ ਤੋਂ ਚਲ ਰਹੇ ਇਸ ਮੁੱਦੇ ਦਾ ਹੱਲ ਕੱਢਣ ਦੀ ਪਹਿਲ ਕਰੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਅਮਰੀਕਾ ਦੇ ਨਾਲ ਇਸ ਮੁੱਦੇ 'ਤੇ ਗੱਲਬਾਤ ਦੇ ਲਈ ਸਹਿਮਤੀ ਜਤਾ ਦਿੱਤੀ।  ਪਿਛਲੀ ਵਾਰ 22 ਅਗਸਤ ਨੂੰ ਦੋਵੇਂ ਦੇਸ਼ਾਂ ਦੇ ਰਾਜਦੂਤ ਇਸ ਮੁੱਦੇ 'ਤੇ ਮਿਲੇ ਸਨ, ਲੇਕਿਨ ਕੋਈ ਨਤੀਜਾ ਨਹੀਂ ਨਿਕਲਿਆ।

ਹੋਰ ਖਬਰਾਂ »