ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦੀਨ -ਦੁਖੀ, ਮੱਦਬੁੱਧੀ ਬੱਚਿਆਂ ਅਤੇ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ਼ ਲਈ ਇਨਸਾਨੀਅਤ ਨੂੰ ਸਮਰਪਿਤ ਸੰਸਥਾ ਪ੍ਰਭ-ਆਸਰਾ ਲਈ ਲੰਘੇ ਸਨਿੱਚਰਵਾਰ ਫਰਿਜ਼ਨੋ ਦੇ ਲਾਗਲੇ ਸ਼ਹਿਰ ਕਿੰਗਜ਼ਬਰਗ ਵਿਖੇ ਉੱਘੇ ਸਮਾਜ ਸੇਵੀ ਸ. ਰਣਜੀਤ ਸਿੰਘ ਨਾਗਰਾ ਤੇ ਨਵਦੀਪ ਕੌਰ ਨਾਗਰਾ ਦੇ ਗ੍ਰਹਿ ਵਿਖੇ ਇੱਕ ਫੰਡ ਰੇਜ਼  ਪ੍ਰੋਗਰਾਮ ਰੱਖਿਆ ਗਿਆ ।  ਇਸ ਮੌਕੇ ਫਰਿਜ਼ਨੋ ਇਲਾਕੇ ਦੀਆਂ ਉੱਘੀਆ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣਾ ਦਸਵੰਧ ਕੱਢਿਆ ਤੇ ਫੰਡ ਰੇਜ਼ਰ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ। ਇਸ ਮੌਕੇ ਸਟੇਜ ਸੰਚਾਲਨ ਕਬੱਡੀ ਪ੍ਰਮੋਟਰ ਸੁਰਿੰਦਰ ਸਿੰਘ ਨਿੱਝਰ ਨੇ ਕੀਤਾ। ਪ੍ਰਭ ਆਸਰਾ ਸੰਸਥਾ ਦੇ ਮੋਢੀ ਸ. ਸ਼ਮਸ਼ੇਰ ਸਿੰਘ ਨੇ ਸੰਸਥਾ ਦੇ ਕੰਮਾਂ ਕਾਰਾ ਤੇ ਝਲਕ ਪਵਾਉਣ ਲਈ ਇੱਕ ਇੱਕ ਸਲਾਈਡ ਸ਼ੋਅ ਵੀ ਵਿਖਾਇਆ। ਜਿਸ ਨੂੰ ਵੇਖਕੇ ਪਤਾ ਲੱਗਿਆ ਕਿ ਕਿਵੇਂ ਲੋਕ ਅਣਚਾਹੇ ਨਵੇਂ ਬੱਚਿਆਂ ਨੂੰ ਪ੍ਰਭ ਆਸਰਾ ਆਸ਼ਰਮਾਂ ਵਿੱਚ ਛੱਡ ਜਾਂਦੇ ਨੇ ‘ਤੇ ਕਈ ਰੱਜਦੇ ਪੁੱਜਦੇ ਪਰਿਵਾਰ ਵੀ ਆਪਣੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਛੱਡ ਕਿਨਾਰਾ ਕਰ ਜਾਂਦੇ ਨੇ ‘ਤੇ ਪ੍ਰਭ ਆਸਰਾ ਹੀ ਇਹਨਾ ਦੇ ਲਈ ਕੇਵਲ ਇੱਕੋ ਇੱਕ ਸਹਾਰਾ ਬਣਦਾ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਸਾਨੂੰ ਨਾਂ ਹੀ ਕੋਈ ਡਾਕਟਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਨਾਂ ਹੀ ਕੋਈ ਹੋਰ ਖ਼ਾਸ ਸਹੂਲਤ ਦਿੱਤੀ ਗਈ ਹੈ। ਸੰਸਥਾ ਦਾ ਤਕਰੀਬਨ ਹਰਰੋਜ ਦਾ ਸਵਾ ਲੱਖ ਰੁਪੱਈਆ ਖਰਚ ਹੈ, ਜੋ ਤੁਹਾਡੇ ਵਰਗੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਅਖੀਰ ਉਹਨਾਂ ਸਮੂਹ ਦਾਨੀ ਸੱਜਣਾਂ ਤੇ ਨਾਗਰਾ ਪਰਿਵਾਰ ਦਾ ਫੰਡ ਰੇਜਰ ਰੱਖਣ ਲਈ ਧੰਨਵਾਦ ਕੀਤਾ ਤੇ ਧਾਰਮਿਕ ਜਥੇਬੰਦੀਆਂ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰੂ ਸਹਿਬ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਇਨਸਾਨੀਅਤ ਦੀ ਸੇਵਾ ਲਈ ਮੱਦਦ ਦੀ ਅਪੀਲ ਕੀਤੀ। ਉਹਨਾ ਆਏ ਸਮੂਹ ਸੱਜਣਾਂ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਪ੍ਰਭ-ਆਸਰਾ ਆਸ਼ਰਮ ਵਿੱਚ ਆਉਣ ਦੀ ਵੀ ਬੇਨਤੀ ਕੀਤੀ।

ਹੋਰ ਖਬਰਾਂ »