ਸੁਲਾਵੇਸੀ, 1 ਅਕਤੂਬਰ, (ਹ.ਬ.) : ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿਚ ਸ਼ੁੱਕਰਵਾਰ ਨੂੰ ਆਏ ਭੂਚਾਲ ਅਤੇ ਇਸ ਨਾਲ ਪੈਦਾ ਹੋਈ ਸੁਨਾਮੀ ਦੀ ਲਪੇਟ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1200 ਹੋ ਗਈ ਹੈ। ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ  ਦੋ ਹਜ਼ਾਰ ਤੱਕ ਹੋ ਸਕਦੀ ਹੈ। ਹੁਣ ਤੱਕ ਜ਼ਿਆਦਾਤਰ ਮੌਤਾਂ ਪਾਲੂ ਸ਼ਹਿਰ ਵਿਚ ਦਰਜ ਕੀਤੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਲਾਪਤਾ ਹਨ ਜਿਨ੍ਹਾਂ ਵਿਚੋਂ ਕਈ ਮਲਬੇ  ਵਿਚ ਦਬੇ ਹੋ ਸਕਦੇ ਹਨ। ਸੁਲਾਵੇਸੀ ਟਾਪੂ ਦਾ ਪ੍ਰਮੁੱਖ ਸ਼ਹਿਰ ਪਾਲੂ ਅਤੇ ਭੂਚਾਲ ਦੇ ਕੇਂਦਰ ਕੋਲ ਸਥਿਤ ਡੋਂਗਾਲਾ ਸ਼ਹਿਰ ਸਭ ਤੋਂ ਜ਼ਿਆਦਾ  ਪ੍ਰਭਾਵਤ ਹੈ। ਪ੍ਰਭਾਵਤ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਇੰਡੋਨੇਸ਼ੀਆ ਦੀ ਸੈਨਾ ਨੂੰ ਉਤਾਰਿਆ ਗਿਆ ਹੈ। ਇੰਡੋ ਦੇ ਰਾਸ਼ਟਰਪਤੀ ਯੂਸੁਫ ਦਾ ਕਹਿਣਾ ਹੈ ਕਿ ਅਜੇ ਭੂਚਾਲ ਦੇ ਕੇਂਦਰ ਬਿੰਦੂ ਦੇ ਕੋਲ ਸਥਿਤ ਸ਼ਹਿਰ ਡੋਂਗਾਲਾ ਤੋਂ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ। ਡੋਂਗਾਲਾ ਵਿਚ ਕਰੀਬ ਤਿੰਨ ਲੱਖ ਲੋਕ ਰਹਿੰਦੇ ਹਨ। 
ਬਚਾਅ ਕਰਮੀ ਅਜੇ ਤੱਕ ਪਾਲੂ ਸ਼ਹਿਰ ਤੱਕ ਹੀ ਪਹੁੰਚ ਸਕੇ ਹਨ। ਡੋਂਗਾਲਾ ਦੇ ਕਈ ਦੂਰ ਇਲਾਕਿਆਂ ਤੱਕ ਪੁੱਜਣ ਵਿਚ ਅਜੇ ਕਾਮਯਾਬੀ ਨਹੀਂ ਮਿਲੀ ਹੈ।  ਸਰਕਾਰ ਦੀ ਐਮਰਜੈਂਸੀ ਸੇਵਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਈ ਜਗ੍ਹਾ ਸੁਨਾਮੀ ਦੀ ਲਹਿਰਾਂ 20 ਫੁੱਟ ਤੱਕ ਉਚੀ ਸੀ ਅਤੇ ਲੋਕਾਂ ਨੇ ਇਸ  ਤੋਂ ਜ਼ਿਆਦਾ ਉਚਾਈ ਦੇ ਦਰੱਖਤਾਂ 'ਤੇ ਚੜ੍ਹ ਕੇ ਅਪਣੀ ਜਾਨ ਬਚਾਈ ਹੈ। 
ਭੂਚਾਲ ਅਤੇ ਸੁਨਾਮੀ ਤੋਂ ਬਾਅਦ ਵੱਡੀ ਗਿਣਤੀ ਵਿਚ ਹਸਪਤਾਲ ਆਏ ਜ਼ਖਮੀਆਂ ਦੇ ਇਲਾਜ ਦੇ ਲਈ ਹਸਪਤਾਲ ਕਰਮਚਾਰੀਆਂ ਨੂੰ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ।  ਪ੍ਰਭਾਵਤ ਸ਼ਹਿਰਾਂ ਦੀ ਸੜਕਾਂ 'ਤੇ ਲਾਸ਼ਾਂ ਪਈਆਂ ਹਨ ਅਤੇ ਹਸਪਤਾਲ ਨੁਕਸਾਨੇ ਜਾਣ ਕਾਰਨ ਜ਼ਖਮੀਆਂ ਦਾ ਇਲਾਜ ਟੈਂਟਾਂ ਵਿਚ ਕੀਤਾ ਜਾ ਰਿਹਾ ਹੈ। ਇੱਕ ਸਥਾਨਕ ਮਹਿਲਾ ਨੇ ਦੱਸਿਆ ਕਿ ਹਰ ਮਿੰਟ ਐਂਬੂਲੈਂਸ ਲਾਸ਼ ਲੈ ਕੇ ਜਾ ਰਹੀ ਹੈ।  ਭੂਚਾਲ ਅਤੇ  ਸੁਨਾਮੀ ਤੋਂ ਬਾਅਦ ਖਾਣ ਅਤੇ ਪੀਣ ਦਾ ਪਾਣੀ ਮਿਲਣਾ ਕਾਫੀ ਮੁਸ਼ਕਲ ਹੋ ਗਿਆ ਹੈ। ਛੋਟੇ ਬਾਜ਼ਾਰਾਂ ਵਿਚ ਹਰ ਪਾਸੇ ਲੁੱਟ ਮਚੀ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ ਜ਼ਿਆਦਾਤਰ ਲੋਕ ਉਚੇ ਇਲਾਕੇ ਵਿਚ ਚਲੇ ਗਏ ਹਨ।

ਹੋਰ ਖਬਰਾਂ »