ਨਵੀਂ ਦਿੱਲੀ, 9 ਅਕਤੂਬਰ, (ਹ.ਬ.) : ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਮਸੂਦ ਅਜ਼ਹਰ ਨੂੰ ਜਾਨ ਲੇਵਾ ਬਿਮਾਰੀ ਹੋਣ ਦੀ ਖ਼ਬਰ ਹੈ। ਭਾਰਤੀ ਖੁਫ਼ੀਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮਸੂਦ ਅਜ਼ਹਰ ਦੀ ਤਬੀਅਤ ਬੇਹੱਦ ਖਰਾਬ ਹੈ। ਖਰਾਬ ਸਿਹਤ ਦੇ ਚਲਦਿਆਂ ਉਸ ਦਾ ਬਿਸਤਰੇ ਤੋਂ ਉਠਣਾ ਮੁਸ਼ਕਲ ਹੋ ਗਿਆ ਹੈ। ਮਸੂਦ ਦੇ ਭਰਾ ਰਊਫ ਅਸਗਰ ਅਤੇ ਅਤਹਰ ਇਬਰਾਹਿਮ ਹੁਣ ਸੰਗਠਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਅਤੇ ਭਾਰਤ ਅਤੇ ਅਫ਼ਗਾਨਿਸਤਾਨ ਵਿਚ ਅੱਤਵਾਦੀ ਸਰਗਰਮੀਆਂ ਚਲਾ ਰਹੇ ਹਨ।  ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਕੱਟੜਪੰਥੀ ਐਲਾਨ ਕੀਤਾ ਹੋਇਆ ਹੈ। ਪਛਾਣ ਨਾ ਦੱਸਣ ਦੀ ਸ਼ਰਤ 'ਦੇ ਖੁਫ਼ੀਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 50 ਸਾਲਾ ਅਜ਼ਹਰ ਨੂੰ ਰੀਢ ਦੀ  ਹੱਡੀ ਅਤੇ ਕਿਡਨੀ ਵਿਚ ਦਿੱਕਤ ਹੈ। ਅਜ਼ਹਰ ਰਾਵਲਪਿੰਡੀ ਦੇ ਕੰਬਾਈਂਡ ਮਿਲਟਰੀ ਹਸਪਤਾਲ ਵਿਚ ਇਸ ਦਾ ਇਲਾਜ ਕਰਵਾ ਰਿਹਾ ਹੈ। ਪਿਛਲੇ ਡੇਢ ਸਾਲ ਤੋਂ ਉਹ ਬਿਸਤਰੇ 'ਤੇ ਹੀ ਹੈ।  1999 ਵਿਚ ਭਾਰਤ ਸਰਕਾਰ ਨੇ ਮਸੂਦ ਅਜ਼ਹਰ ਨੂੰ ਇੰਡੀਅਨ ਏਅਰਲਾਈਨਜ਼ ਦੀ ਅਗਵਾ ਫਲਾਈਟ ਦੇ ਯਾਤਰੀਆਂ ਦੇ ਬਦਲੇ ਰਿਹਾਅ ਕੀਤਾ ਸੀ। ਇਸ ਹਾਈਜੈਕਿੰਗ  ਵਿਚ ਤਤਕਾਲੀ ਤਾਲਿਬਾਨ, ਅਲਕਾਇਦਾ ਚੀਫ਼ ਅਤੇ ਆਈਐਸਆਈ ਨੇ ਵੀ ਸਾਥ ਦਿੱਤਾ ਸੀ। 
 

ਹੋਰ ਖਬਰਾਂ »