ਮਮਦੋਟ, 10 ਅਕਤੂਬਰ, (ਹ.ਬ.) : ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਪਟਾਕਿਆਂ ਕਾਰਨ ਲੱਗੀ ਅੱਗ ਕਾਰਨ ਦੋ ਬੱਚੇ ਤੇ ਉਨ੍ਹਾਂ ਦੀ ਮਾਂ ਬੁਰੀ ਤਰ੍ਹਾਂ ਝੁਲਸ ਗਈ। 70 ਫ਼ੀਸਦੀ ਸੜੇ ਹੋਣ ਕਾਰਨ ਤਿੰਨਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਜਸਵਿੰਦਰ ਸਿੰਘ ਤੇ ਉਸ ਦੇ ਤਿੰਨ ਭਰਾਵਾਂ ਦੇ ਪਰਿਵਾਰ ਇੱਕੋ ਘਰ ਵਿਚ ਵੱਖ ਵੱਖ ਕਮਰਿਆਂ ਵਿਚ ਰਹਿੰਦੇ ਹਨ। ਦੁਪਹਿਰ ਕਰੀਬ ਡੇਢ ਵਜੇ ਜਸਵਿੰਦਰ ਸਿੰਘ ਖੇਤ ਗਿਆ ਹੋਇਆ ਸੀ। ਉਸ ਦੀ ਪਤਨੀ ਗੁਰਮੇਜ ਕੌਰ ਕਮਰੇ ਵਿਚ ਸੌਂ ਰਹੀ ਸੀ ਤੇ ਕੋਲ ਬੈਠੇ ਬੱਚੇ ਪਰਮਿੰਦਰ ਕੌਰ 6 ਤੇ ਗੁਰਪ੍ਰੀਤ ਸਿੰਘ 4 ਪਟਾਕੇ ਚਲਾ ਰਹੇ ਸਨ।  ਇਸੇ ਦੌਰਾਨ ਪਟਾਕਿਆਂ ਦੀਆਂ ਚੰਗਿਆੜੀਆਂ ਨਾਲ ਬੈਡ ਦੀ ਚਾਦਰ ਤੇ ਹੋਰ  ਕੱਪੜਿਆਂ ਨੂੰ ਅੱਗ ਲੱਗ ਗਈ। ਗੁਰਮੇਜ ਕੌਰ ਨੇ ਉਠ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਦੀ ਚਪੇਟ ਵਿਚ ਆ ਗਈ। ਅੱਗ ਜਦੋਂ ਹੋਰ ਫੈਲ ਗਈ ਤਾਂ ਉਸ ਦੇ ਦੋਵੇਂ ਬੱਚੇ ਵੀ ਚਪੇਟ ਵਿਚ ਆ ਗਏ।  ਅੱਗ ਦੀਆਂ ਲਪਟਾਂ ਦੇਖ ਕੇ ਘਰ ਦੇ ਹੋਰ ਮੈਂਬਰ ਕਮਰੇ ਵਿਚ ਪੁੱਜੇ ਤਾਂ ਕਿਸੇ ਤਰ੍ਹਾਂ ਅੱਗ ਬੁਝਾ ਕੇ ਤਿੰਨਾਂ ਨੂੰ ਬਾਹਰ ਕੱਢਿਆ। ਉਦੋਂ ਤੱਕ ਤਿੰਨੋਂ ਝੁਲਸ ਚੁੱਕੇ ਸਨ।  ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਤਿੰਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਹੋਰ ਖਬਰਾਂ »