18 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਟੋਰਾਂਟੋ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਤਿੰਨ ਹੋਰਨਾਂ ਰਾਜਾਂ ਦੀ ਤਰਜ਼ 'ਤੇ ਉਨਟਾਰੀਓ ਦੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਵੀ ਹੈਲਮਟ ਤੋਂ ਛੋਟ ਮਿਲ ਗਈ ਹੈ। ਨਵੇਂ ਨਿਯਮ 18 ਅਕਤੂਬਰ ਤੋਂ ਲਾਗੂ ਹੋਣਗੇ। ਪ੍ਰੀਮੀਅਰ ਡਗ ਫ਼ੋਰਡ ਸਰਕਾਰ ਨੇ ਕਿਹਾ ਕਿ ਸੜਕਾਂ 'ਤੇ ਸਫ਼ਰ ਕਰਨ ਵਾਲਿਆਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ ਪਰ ਸਾਡੀ ਸਰਕਾਰ ਇਹ ਵੀ ਮੰਨਦੀ ਹੈ ਕਿ ਸਫ਼ਰ ਦੌਰਾਨ ਆਪਣੀ ਸੰਭਾਲ ਕਰਨਾ ਹਰ ਸ਼ਖਸ ਦੀ ਨਿਜੀ ਜ਼ੁੰਮੇਵਾਰੀ ਵੀ ਬਣਦੀ ਹੈ ਜਿਸ ਦੇ ਮੱਦੇਨਜ਼ਰ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਖ਼ਾਸ ਰਿਆਇਤ ਦਿਤੀ ਗਈ ਹੈ।ਪ੍ਰੀਮੀਅਰ ਡਗ ਫ਼ੋਰਡ ਨੇ ਕ੍ਰਿਸਮਸ ਦੇ ਨੇੜੇ ਹੈਲਮਟ ਤੋਂ ਛੋਟ ਦੇਣ ਦਾ ਐਲਾਨ ਕੀਤਾ ਸੀ ਪਰ ਆਉਂਦੇ ਤਿਉਹਾਰਾਂ ਨੂੰ ਮੁੱਖ ਰਖਦਿਆਂ ਅਕਤੂਬਰ ਵਿਚ ਹੀ ਛੋਟ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਬਰੈਂਪਟਨ ਸਾਊਥ ਤੋਂ ਵਿਧਾਇਕ ਪ੍ਰਭਮੀਤ ਸਰਕਾਰੀਆ ਨੇ ਹਾਈਵੇਅ ਟ੍ਰੈਫ਼ਿਕ ਐਕਟ ਵਿਚ ਸੋਧ ਲਈ ਬਿਲ ਵੀ ਪੇਸ਼ ਕੀਤਾ ਸੀ ਪਰ ਇਸ ਪ੍ਰਕਿਰਿਆ ਤਹਿਤ ਜ਼ਿਆਦਾ ਸਮਾਂ ਲੱਗਣ ਦੀ ਸੰਭਾਵਨਾ ਨੂੰ ਵੇਖਦਿਆਂ ਨਵੇਂ ਨਿਯਮ ਪੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਪ੍ਰਭਮੀਤ ਸਰਕਾਰੀ ਨੇ ਕਿਹਾ ਕਿ ਉਹ ਕਈ ਸਾਲ ਤੋਂ ਉਨਟਾਰੀਓ ਦੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਦੀ ਮੰਗ ਕਰਦੇ ਆ ਰਹੇ ਹਨ ਕਿਉਂਕਿ ਦਸਤਾਰ ਸਜਾਉਣਾ ਸਿੱਖ ਧਰਮ ਦਾ ਅਹਿਮ ਅੰਗ ਹੈ ਅਤੇ ਸਿੱਖਾਂ ਨੇ ਹੈਲਮਟ ਤੋਂ ਛੋਟ ਦੇ ਨਿਯਮ ਨੂੰ ਸਿਰਫ਼ ਕੈਨੇਡਾ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਅਸਰਦਾਰ ਤਰੀਕੇ ਨਾਲ ਲਾਗੂ ਕਰ ਕੇ ਦਿਖਾਇਆ ਹੈ।ਕੈਨੇਡਾ ਵਿਚ ਹੁਣ ਤੱਕ ਐਲਬਰਟਾ, ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖਾਂ ਨੂੰ ਬਗ਼ੈਰ ਹੈਲਮਟ ਤੋਂ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਹੈ। ਬਰਤਾਨੀਆ ਵਿਚ ਸਿੱਖਾਂ ਨੂੰ ਇਹ ਛੋਟ 1976 ਵਿਚ ਹੀ ਦੇ ਦਿਤੀ ਗਈ ਸੀ। ਡਗ ਫ਼ੋਰਡ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਹੈਲਮਟ ਤੋਂ ਛੋਟ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰ ਦਿਤਾ ਗਿਆ ਹੈ। ਉਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਅਤੇ ਵਰਲਡ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਡਗ ਫ਼ੋਰਡ ਸਰਕਾਰ ਦੇ ਫ਼ੈਸਲਾ ਦਾ ਭਰਵਾਂ ਸਵਾਗਤ ਕੀਤਾ।

ਹੋਰ ਖਬਰਾਂ »