ਕੈਪਟਨ ਨੂੰ ਵੀ ਦਿੱਤੀ ਚੁਨੌਤੀ

ਚੰਡੀਗੜ੍ਹ, 13ਅਕਤੂਬਰ, (ਹ.ਬ.) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਤੋਂ ਅਸਫਲ ਰਹੇ ਕਾਂਗਰਸ ਦੇ ਉਨ੍ਹਾਂ ਪੰਜ ਮੰਤਰੀਆਂ ਤੋਂ ਅਸਤੀਫ਼ਾ ਮੰਗਿਆ ਹੈ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਸਦਨ 'ਚ ਛੋਲੀਆਂ ਅੱਡ ਕੇ ਵਾਸਤੇ ਪਾ ਰਹੇ ਸਨ। ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਆਪ' ਦੇ ਸੀਨੀਅਰ ਅਤੇ ਬੇਹੱਦ ਸਤਿਕਾਰਯੋਗ ਵਿਧਾਇਕ ਐਚ.ਐਸ. ਫੂਲਕਾ ਨੇ ਆਪਣੇ ਵਚਨ ਨਿਭਾਉਂਦਿਆਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਜਿੰਦਾ ਜ਼ਮੀਰ ਦਾ ਸਬੂਤ ਦਿੱਤਾ ਹੈ, ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੀ 'ਗੁਰੂ' ਨੂੰ ਸਮਰਪਿਤ ਹੋ ਕੇ ਅਸਤੀਫ਼ੇ ਦੇਣ ਦੀ ਹਿੰਮਤ ਦਿਖਾਉਣ ਅਤੇ ਜਿੰਦਾ ਜ਼ਮੀਰ ਦਾ ਸਬੂਤ ਦੇਣ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਅਤੇ ਪਾਰਟੀ (ਆਪ) ਨੂੰ ਬਤੌਰ ਵਿਧਾਇਕ ਐਸ.ਐਚ. ਫੂਲਕਾ ਵਰਗੇ ਸੱਚੇ-ਸੁੱਚੇ ਅਤੇ ਸੂਝਵਾਨ ਆਗੂ ਦੀ ਬਹੁਤ ਜ਼ਰੂਰਤ ਹੈ, ਪਰੰਤੂ ਪਾਰਟੀ ਉਨ੍ਹਾਂ ਦੇ 'ਸ੍ਰੀ ਗੁਰੂ ਗ੍ਰੰਥ ਸਾਹਿਬ' ਪ੍ਰਤੀ ਸਮਰਪਣ ਨੂੰ ਸਿੱਜਦਾ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ। ਚੀਮਾ ਨੇ ਦੱਸਿਆ ਕਿ ਐਚ.ਐਸ. ਫੂਲਕਾ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਮੰਦਭਾਗੀ ਘਟਨਾਵਾਂ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਹਨ। ਇਹ ਐਡਵੋਕੇਟ ਫੂਲਕਾ ਹੀ ਸਨ ਜਿੰਨਾ ਬਾਦਲ ਸਰਕਾਰ ਵੱਲੋਂ ਬੇਅਦਬੀ ਨੂੰ ਝੂਠੇ ਦੋਸ਼ ਲਗਾ ਕੇ ਚੁੱਕੇ ਦੋ ਨੌਜਵਾਨਾਂ ਦੀ ਰਿਹਾਈ ਤੱਕ ਪੈਰਵੀ ਕੀਤੀ। ਪੰਜਾਬ ਦੇ ਲੋਕਾਂ ਨੂੰ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਗਾਉਣ ਲਈ ਸਾਈਕਲ ਮਾਰਚ ਕੀਤੇ।
ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ ਐਡਵੋਕੇਟ ਫੂਲਕਾ ਨੇ ਬਾਦਲਾਂ, ਸੁਮੇਧ ਸਿੰਘ ਸੈਣੀ ਅਤੇ ਹੋਰਨਾਂ ਵਿਰੁੱਧ ਕੈਪਟਨ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ 'ਤੇ ਪੰਜੇ ਕਾਂਗਰਸੀ ਮੰਤਰੀਆਂ ਤੋਂ ਰੋਸ ਵਜੋਂ ਇਕੱਲਿਆਂ ਅਸਤੀਫ਼ਾ ਨਹੀਂ ਮੰਗਿਆ ਸੀ, ਸਗੋਂ ਉਨ੍ਹਾਂ ਨਾਲ ਖ਼ੁਦ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਉੱਪਰ ਬਾਦਲਾਂ ਅਤੇ ਦੂਜੇ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਸਕੇ, ਪਰੰਤੂ ਸਮੇਂ ਦੀਆਂ ਵਾਰ ਵਾਰ ਮੋਹਲਤਾਂ ਦਿੱਤੇ ਜਾਣ ਤੋਂ ਬਾਅਦ ਵੀ ਜਦ ਕਾਂਗਰਸੀ ਮੰਤਰੀ ਨਾ ਬੇਅਦਬੀਆਂ ਦੇ ਦੋਸ਼ੀਆਂ 'ਤੇ ਕਾਰਵਾਈ ਕਰਵਾ ਸਕੇ ਅਤੇ ਨਾ ਹੀ ਆਪਣੀ ਮੰਤਰੀ ਵਾਲੀ ਕੁਰਸੀ ਛੱਡਣ ਦੀ ਜੁਰਅਤ ਦਿਖਾ ਸਕੇ ਤਾਂ ਐਚ.ਐਸ. ਫੂਲਕਾ ਨੇ ਆਪਣੇ ਵਚਨ ਪੁਗਾਉਂਦੇ ਹੋਏ ਅਸਤੀਫ਼ਾ ਦੇ ਦਿੱਤਾ।ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੁਨੌਤੀ ਦਿੱਤੀ ਕਿ ਜੇਕਰ ਸੱਚਮੁੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਰਧਾ ਰੱਖਦੇ ਹਨ ਅਤੇ ਬੇਅਦਬੀਆਂ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜਾ ਦੇਣ ਦਾ ਮਾੜਾ ਮੋਟਾ ਇਰਾਦਾ ਰੱਖਦੇ ਹਾਂ ਤਾਂ ਉਹ ਐਚ.ਐਸ. ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਥਾਂ 'ਗੁਰੂ' ਅਤੇ 'ਸੰਗਤ' ਦੇ ਦੋਸ਼ੀਆਂ ਨੂੰ ਬਿਨਾ ਦੇਰੀ ਕੀਤੇ ਜੇਲ੍ਹਾਂ 'ਚ ਸੁੱਟ ਕੇ 'ਜਿੰਦਾ ਜ਼ਮੀਰ' ਦਾ ਸਬੂਤ ਦੇਣ।

ਹੋਰ ਖਬਰਾਂ »