ਪੰਜਾਬ ਪੁਲਿਸ ਵਲੋਂ ਨਸ਼ਿਆਂ, ਅੱਤਵਾਦ, ਕੱਟੜਵਾਦ ਅਤੇ ਹੋਰ ਚੁਣੌਤੀਆਂ ਦੇ ਮੁੱਦੇ 'ਤੇ ਅੱਠ ਉਤਰੀ ਰਾਜਾਂ ਦੀ ਮੀਟਿੰਗ ਆਯੋਜਿਤ

ਚੰਡੀਗੜ੍ਹ, 17 ਅਕਤੂਬਰ, (ਹ.ਬ.) : ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਉਤਰੀ ਰਾਜਾਂ ਦੇ ਪੁਲਿਸ ਬਲਾਂ ਦਰਮਿਆਨ ਬਿਹਤਰ ਸਹਿਯੋਗ ਅਤੇ ਤਾਲਮੇਲ 'ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਦਕਾ ਇਸ ਖਿੱਤੇ ਵਿਚ ਵੱਖ-ਵੱਖ ਪੁਲਿਸਿੰਗ ਚੁਣੌਤਿਆਂ ਖਾਸ ਕਰਕੇ ਨਸ਼ਿਆਂ, ਅੱਤਵਾਦ, ਸੰਗਠਿਤ ਅਪਰਾਧ ਅਤੇ ਪਨਪ ਰਹੇ ਕੱਟੜਪੁਣੇ ਨਾਲ ਸਿੱਝਿਆ ਜਾ ਸਕੇਗਾ। ਇਹ ਵਿਚਾਰ ਉਨ੍ਹਾਂ ਅੱਜ ਇਥੇ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਆਯੋਜਿਤ 5ਵੀਂ ਉਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ  ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੀਟਿੰਗ ਵਿਚ ਅੱਠ ਉਤਰੀ ਰਾਜਾਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ ਜਿਸ ਦੋਰਾਨ ਅੰਦਰੁਨੀ ਸੁਰੱਖਿਆ, ਅੱਤਵਾਦ ਦਾ ਪ੍ਰਛਾਵਾਂ, ਕੌਮਾਂਤਰੀ ਸਰਹੱਦ ਪਾਰਲੇ ਅੱਤਵਾਦ, ਨਸ਼ਿਆਂ ਦੀ ਪ੍ਰਚੱਲਣ ਅਤੇ ਨੌਜਵਾਨਾਂ ਅੰਦਰ ਵੱਧ ਰਹੇ ਕੱਟੜਪੁਣੇ ਨੂੰ ਲੈ ਕੇ ਵੱਖ-ਵੱਖ ਮੁੱਦਿਆਂ 'ਤੇ ਗੰਭੀਰ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਨੇ ਆਪਣੇ ਸੁਝਾਅ ਰਖੇ। ਇਸ ਦੌਰਾਨ ਮੈਂਬਰ ਸੂਬਿਆਂ ਵਿੱਚ ਵਧ ਰਹੇ ਸੰਗਠਿਤ ਅਪਰਾਧਾਂ ਨੂੰ ਨੱਥ ਪਾਉਣ ਲਈ ਚੰਗਾ ਸਹਿਯੋਗ ਬਣਾਉਣ ਤੇ ਆਪਸੀ ਜਾਣਕਾਰੀ ਨੂੰ ਸਾਂਝਾ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਬੋਲਦਿਆਂ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਤੇ ਔਕੜਾਂ ਨਾਲ ਨਜਿੱਠਣ ਲਈ ਅਜਿਹੀਆਂ ਮੀਟਿੰਗਾਂ ਦਾ ਆਯੋਜਨ ਬਹੁਤ ਲਾਜ਼ਮੀ ਤੇ ਜਾਇਜ਼ ਬਣ ਗਿਆ ਹੈ। ਇਸ ਮੀਟਿੰਗ ਵਿੱਚ ਬੋਲਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਉੱਤਰੀ ਖੇਤਰ ਵਿੱਚ ਅੱਤਵਾਦ ਤੇ ਹੋਰ ਅਪਰਾਧਾਂ ਦਾ ਟਾਕਰਾ ਕਰਨ ਲਈ ਅਜਿਹੇ ਸੰਯੁਕਤ ਤੇ ਸਾਂਝੇ ਯਤਨਾਂ ਨੂੰ ਅਖ਼ਤਿਆਰ ਕਰਨਾ ਸਮੇਂ ਦੀ ਮੰਗ ਹੈ।
ਉਹਨਾਂ ਕਿਹਾ ਕਿ  ਗੈਂਗਸਟਰਾਂ ਨਾਲ ਸਬੰਧਤ ਗਤੀਵਿਧੀਆਂ, ਨਸ਼ਾ ਤਸਕਰੀ , ਮੈਂਬਰ ਸੂਬਿਆਂ ਵਿੱਚ ਦੇਸੀ ਹਥਿਆਰਾਂ ਦੇ ਵੱਧ ਰਹੇ ਰੁਝਾਨ ਅਤੇ ਅਪਰਾਧੀਆਂ ਤੇ ਨਸ਼ਾ ਤਸਕਰਾ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਜਿਹੇ ਮੁੱਦਿਆਂ ਨੂੰ ਗਹਿਰਾਈ ਨਾਲ ਵਾਚਣ ਦੀ ਲੋੜ ਹੈ ਅਤੇ ਸਾਰੇ ਮੈਂਬਰ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਤੇ ਚੰਡੀਗੜ੍ਹ ਵੱਲੋਂ ਵਿੱਢੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਡੀ.ਜੀ.ਪੀ. ਅਰੋੜਾ ਨੇ ਸਜ਼ਾ ਭੁਗਤ ਰਹੇ ਗੈਂਗਸਟਰਾਂ ਤੇ ਤਸਕਰਾਂ ਦੀ ਗਤੀਵਿਧੀਆਂ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਨਜਿੱਠਣ ਲਈ ਅੰਤਰ-ਰਾਜੀ ਖੇਤਰੀ ਤਾਇਨਾਤੀ ਪ੍ਰਣਾਲੀ ਤਹਿਤ ਜੇਲ੍ਹਾਂ ਵਿੱਚ ਨੀਮ ਫੌਜੀ ਦਲਾਂ ਦੀ ਤਾਇਨਾਤੀ ਦੀ ਸਲਾਹ ਵੀ ਦਿੱਤੀ। ਐਨ.ਡੀ.ਆਰ.ਐਫ. ਦੇ ਰਣਦੀਪ ਸਿੰਘ ਰਾਣਾ ਦੀ ਸਲਾਹ 'ਤੇ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਆਰਮਡ ਪੁਲਿਸ ਨੂੰ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਤੇ ਰਾਹਤ ਪ੍ਰਦਾਨ ਕਰਨ ਲਈ ਐਨ.ਡੀ.ਆਰ.ਐਫ. ਤੋਂ ਸਿਖਲਾਈ ਦਿਵਾਈ  ਜਾਵੇਗੀ। ਰਾਣਾ ਨੇ ਇਹ ਵੀ ਸਲਾਹ ਦਿੱਤੀ ਸਾਰੇ ਰਾਜਾਂ ਵਿਚ ਕੁਦਰਤੀ ਆਫਤਾਂ ਸਬੰਧੀ ਆਮ ਲੋਕਾਂ ਲਈ ਜਾਗਰੂਕਤਾ ਪ੍ਰੋਗਰਾਮ ਆਰੰਭੇ ਜਾਣ ਚਾਹੀਦੇ ਹਨ। ਡੀਜੀਪੀ ਇੰਟੈਲੀਜੈਂਸ, ਦਿਨਕਰ ਗੁਪਤਾ ਨੇ ਸਰਹੱਦੀ ਰਾਜ ਪੰਜਾਬ ਵਿਚ ਸੁਰੱਖਿਆ ਸਬੰਧੀ ਮੁੱਦਿਆਂ ਬਾਰੇ ਤੱਥ ਪੇਸ਼ ਕੀਤੇ ਅਤੇ ਦੇਸ਼ ਵਿਰੋਧੀ ਅਤੇ ਅੱਤਵਾਦੀ ਕਾਰਕੁੰਨਾ ਦੀਆਂ ਕਾਰਵਾਈਆਂ ਨੂੰ ਨੱਪਣ ਲਈ ਅੰਤਰਰਾਜੀ ਅਤੇ ਅੰਤਰਖੇਤਰੀ ਤਾਲਮੇਲ 'ਤੇ ਜੋਰ ਦਿੱਤਾ ਅਤੇ ਕੱਟੜਵਾਦ ਦੇ ਟਾਕਰੇ ਲਈ ਸਾਂਝੇ ਯਤਨਾ ਲਈ ਕਿਹਾ। ਉਹਨਾਂ ਖੇਤਰ ਵਿੱਚ ਸਥਾਨਕ ਪੱਧਰ 'ਤੇ ਤਿਆਰ ਕੀਤੇ ਜਾਂਦੇ ਦੇਸੀ ਹਥਿਆਰਾਂ ਦੀ ਆਮਦ ਨੂੰ ਰੋਕਣ ਅਤੇ ਅਤਿ ਆਧੁਨਿਕ ਹਥਿਆਰਾਂ ਦੀ ਤਸਕਰੀ  ਰੋਕਣ ਲਈ ਗੁਆਂਢੀ ਸੂਬਿਆਂ ਨਾਲ ਰਾਬਤਾ ਬਨਾਉਣ ਉੱਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਦੁਵੱਲੀ ਜਾਣਕਾਰੀ ਸਾਂਝੀ ਕਰਨ ਲਈ ਭਾਈਵਾਲ ਸੂਬਿਆਂ ਵਿਚਾਲੇ ਸਾਝਾਂ ਤਾਲਮੇਲ ਗਰੁੱਪ ਬਣਾਕੇ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »