ਵਾਸ਼ਿੰਗਟਨ, 22 ਅਕਤੂਬਰ, (ਹ.ਬ.) : ਚੰਦ ਤੋਂ ਧਰਤੀ 'ਤੇ ਡਿੱਗਿਆ ਇਕ ਦੁਰਲੱਭ ਪਿੰਡ ਅਮਰੀਕਾ ਵਿਚ ਇਕ ਨਿਲਾਮੀ ਵਿਚ ਛੇ ਲੱਖ 12 ਹਜ਼ਾਰ 500 ਡਾਲਰ (ਕਰੀਬ 4.5 ਕਰੋੜ ਰੁਪਏ) ਵਿਚ ਵਿੱਕਿਆ। 5.5 ਕਿਲੋਗ੍ਰਾਮ ਵਜ਼ਨ ਦਾ ਇਹ ਪਿੰਡ ਜਾਂ ਪੱਥਰ ਛੇ ਟੁੱਕੜਿਆਂ ਤੋਂ ਮਿਲ ਕੇ ਬਣਿਆ ਹੈ ਜਿਨ੍ਹਾਂ ਨੂੰ ਕਿਸੇ ਰਹੱਸਮਈ ਪਹੇਲੀ ਦੀ ਤਰ੍ਹਾਂ ਇਕ-ਦੂਸਰੇ ਨਾਲ ਜੋੜ ਕੇ ਰੱਖਿਆ ਗਿਆ ਹੈ। 'ਬੁਆਗਬਾ' ਜਾਂ 'ਮੂਨ ਪਜਲ' ਦੇ ਨਾਂ ਨਾਲ ਚਰਚਿਤ ਇਸ ਉਲਕਾ ਪਿੰਡ ਨੂੰ ਵਿਗਿਆਨਕਾਂ ਨੇ ਐੱਨਡਬਲਯੂਏ 11789 ਨਾਂ ਦਿੱਤਾ ਹੈ। ਇਸ ਨੂੰ ਪਿਛਲੇ ਸਾਲ ਅਫ਼ਰੀਕਾ ਦੇ ਰੇਗਿਸਤਾਨ ਵਿਚ ਖੋਜਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਬਹੁਤ ਪਹਿਲੇ ਕਿਸੇ ਉਲਕਾ ਪਿੰਡ ਦੀ ਟੱਕਰ ਦੇ ਕਾਰਨ ਇਹ ਚੰਦਰਮਾ ਤੋਂ ਅਲੱਗ ਹੋ ਗਿਆ ਹੋਵੇਗਾ। ਇਸ ਦੇ ਬਾਅਦ ਉਹ 3,84,400 ਕਿਲੋਮੀਟਰ ਦੀ ਦੂਰੀ ਅਤੇ ਧਰਤੀ ਦੇ ਵਾਯੂਮੰਡਲੀ ਤਾਪ ਪਾਰ ਕਰਦੇ ਹੋਏ ਉੱਤਰ-ਪੱਛਮੀ ਅਫ਼ਰੀਕਾ ਦੇ ਰੇਗਿਸਤਾਨ ਵਿਚ ਆ ਡਿੱਗਿਆ। ਇਹ ਖਗੋਲੀ ਪਿੰਡ ਹੁਣ ਤਕ ਦਾ ਸਭ ਤੋਂ ਵੱਡਾ ਚੰਦ ਦਾ ਟੁੱਕੜਾ ਹੈ। ਨਿਲਾਮੀ ਸੰਸਥਾ ਆਰਆਰ ਆਕਸਨ ਅਨੁਸਾਰ ਇਸ ਅਦਭੁੱਤ ਪਿੰਡ ਨੂੰ ਵੀਅਤਨਾਮ ਦੇ ਟੈਮ ਚੁਕ ਪੈਗੋਡਾ ਕੰਪਲੈਕਸ ਨੇ ਸਭ ਤੋਂ ਜ਼ਿਆਦਾ ਬੋਲੀ ਲਗਾ ਕੇ ਖਰੀਦਿਆ।

ਹੋਰ ਖਬਰਾਂ »