ਜਗਰਾਉਂ 22 ਅਕਤੂਬਰ, (ਹ.ਬ.) : ਸ਼ਹਿਰ ਦੀ ਅਮੀਰ ਕਲੌਨੀ ਵਿਚ ਕੋਲਡ ਸਟੋਰ ਮਾਰਕ ਦੇ ਪਰਵਾਰ ਨੂੰ ਬੰਧਕ ਬਣਾ ਕੇ ਤੇ ਬੱਚਿਆਂ ਦੀ ਗਰਦਨ 'ਤੇ ਤਲਵਾਰਾਂ ਰੱਖ ਕੇ ਹਥਿਆਰਬੰਦ ਪੰਜ ਨਕਾਬਪੋਸ਼ ਲੁਟੇਰਿਆਂ ਨੇ ਘਰ ਤੋਂ ਕਰੀਬ ਸਵਾ ਦੋ ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਨਾਲ ਹੀ ਕੋਲਡ ਸਟੋਰ ਮਾਲਕ ਅਤੇ ਉਸ ਦੇ ਬੇਟੇ ਨੂੰ ਜ਼ਖਮੀ ਕਰ ਦਿੱਤਾ। ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਸ ਲੁੱਟ ਦੀ ਸੂਚਨਾ ਮਿਲਦੇ ਹੀ  ਪੁਲਿਸ ਦੇ ਅਧਿਕਾਰੀ ਪਹੁੰਚੇ।  ਪੁਲਿਸ ਨੇ ਘਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਕੋਲਡ ਸਟੋਰ ਦੇ ਮਾਲਕ ਅਤੇ ਕਾਰੋਬਾਰੀ ਨਛੱਤਰ ਸਿੰਘ ਦੀ ਸ਼ਹਿਰ ਦੀ ਪੌਸ਼ ਕਲੌਨੀ ਹੀਰਾ ਬਾਗ ਦੀ ਗਲੀ ਨੰਬਰ ਅੱਠ ਐਲ ਵਿਚ ਕੋਠੀ ਹੈ।  ਸ਼ਨਿੱਚਰਵਾਰ ਰਾਤ ਨਕਾਬਪੋਸ਼ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਦੇ ਨਾਲ ਕੋਠੀ ਵਿਚ ਦਾਖ਼ਲ ਹੋਏ। ਦਾਖ਼ਲ ਹੁੰਦੇ ਹੀ ਬਾਹਰ ਵਿਹੜੇ ਵਿਚ ਬੈਠੇ ਨਛੱਤਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਨਵਜੋਤ ਸਿੰਘ ਦੇ ਸਿਰ ਵਿਚ ਤਲਵਾਰ ਨਾਲ ਹਮਲਾ ਕੀਤਾ। ਜ਼ਖ਼ਮੀ ਹੋਣ ਤੋਂ ਬਾਅਦ ਵੀ ਪਿਉ-ਪੁੱਤ ਲੁਟੇਰਿਆਂ ਨੇ ਭਿੜ ਗਏ।  ਇਸ ਤੋਂ ਬਾਅਦ ਲੁਟੇਰੇ ਪਿਉ+ਪੁੱਤ ਨੂੰ ਕਮਰੇ ਵਿਚ ਲੈ ਗਏ।  ਉਥੇ ਉਨ੍ਹਾਂ ਨੇ ਨਛੱਤਰ ਦੀ ਪਤਨੀ ਸ਼ੀਤਲ ਕੌਰ, ਵੱਡੀ ਨੂੰਹ ਹਰਮਿੰਦਰ ਕੌਰ, ਛੋਟੀ ਨੂੰਹ ਕਮਲਜੀਤ ਕੌਰ, ਚਾਰੇ ਪੋਤਿਆਂ ਦੇ ਟੇਪ ਨਾਲ ਹੱਥ ਬੰਨ੍ਹ ਦਿੱਤੇ।  ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਦੀ ਤਲਾਸ਼ੀ ਲਈ। ਪਰਵਾਰ ਨੇ ਲੁਟੇਰਿਆਂ ਨੂੰ 14 ਲੱਖ ਰੁਪਏ ਦੀ ਨਕਦੀ ਸੌਂਪ ਦਿੱਤੀ। ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਵਿਚ ਪਏ ਕਰੀਬ 70 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ।  ਜਾਂਦੇ ਹੋਏ ਲੁਟੇਰੇ ਐਕÎਟਿਵਾ ਵੀ ਲੈ ਗਏ।  ਲੁਟੇਰਿਆਂ ਦੇ ਜਾਣ ਤੋਂ ਬਾਅਦ ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ।  ਡੀਐਸਪੀ ਅਮਨਦੀਪ ਸਿੰਘ ਬਰਾੜ ਦਾ ਕਹਿਣਾ ਹੈ ਕਿ ਲੁਟੇਰਿਆਂ ਦਾ ਅਜੇ ਸੁਰਾਗ ਨਹੀਂ ਲੱਗਾ ਹੈ। ਜਾਂਚ ਕੀਤੀ ਜਾ ਰਹੀ ਹੈ, ਛੇਤੀ ਹੀ ਲੁਟੇਰਿਆਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੋਰ ਖਬਰਾਂ »