ਮੁਕਤਸਰ 25 ਅਕਤੂਬਰ, (ਹ.ਬ.) : ਸਰਹਿੰਦ ਫੀਡਰ ਤੋਂ ਮਿਲੀ ਨੌਜਵਾਨ ਦੀ ਲਾਸ਼ ਦੀ ਗੁੱਥੀ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮਾਮਲੇ ਵਿਚ ਨੌਜਵਾਨ ਦੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਨਾਜਾਇਜ਼ ਸਬੰਧਾਂ ਵਿਚ ਰੋੜਾ ਬਣਨ 'ਤੇ ਗਲਾ ਦਬਾ ਕੇ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਸੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।  ਐਸਪੀ ਡੀ ਰਣਬੀਰ ਸਿੰਘ ਨੇ ਦੱਸਿਆ ਕਿ ਬੀਤੀ 13 ਅਕਤੂਬਰ ਨੂੰ ਸ਼ੱਕੀ ਹਾਲਾਤ ਵਿਚ ਲਾਪਤਾ ਹੋਏ ਨੌਜਵਾਨ ਗੁਰਭੇਜ ਸਿੰਘ ਵਾਸੀ ਮਨਿਆਂਵਾਲੀ ਦੀ ਲਾਸ਼ ਕੁਝ ਦਿਨ ਬਾਅਦ ਸਰਹਿੰਦ ਫੀਡਰ ਨਹਿਰ ਤੋਂ ਬਰਾਮਦ ਹੋਈ ਸੀ। ਹਾਲਾਂਕਿ ਲਾਸ਼ 'ਤੇ ਕੋਈ ਜ਼ਖ਼ਮ ਦਾ ਨਿਸ਼ਾਨ ਨਹੀਂ ਸੀ ਪ੍ਰੰਤੂ ਜਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਚਲਿਆ ਕਿ ਗੁਰਭੇਜ ਦੀ ਮਾਂ ਅਮਰਜੀਤ ਕੌਰ ਦੇ ਅਪਣੇ ਪਿੰਡ ਦੇ ਕੁਲਵੰਤ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਜਦ ਕਿ ਗੁਰਭੇਜ ਇਸ ਦਾ ਵਿਰੋਧ ਕਰਦਾ ਸੀ।

ਹੋਰ ਖਬਰਾਂ »