ਡਾਕਟਰਾਂ ਦੀ ਭਰਤੀ ਪ੍ਰਕਿਰਿਆ ਹੋਈ ਪੂਰੀ, ਡਾਕਟਰਾਂ ਦੀ ਰਿਹਾਇਸ਼ ਦੇ ਨੇੜੇ ਕੀਤੀ ਜਾਵੇਗੀ ਤੈਨਾਤੀ

ਚੰਡੀਗੜ੍ਹ, 25 ਅਕਤੂਬਰ, (ਹ.ਬ.) : 10 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੀ ਗਿਣਤੀ ਵਿਚ 558 ਨਵੇਂ ਡਾਕਟਰਾਂ ਦੀ ਭਰਤੀ ਕਰਨ ਜਾ ਰਿਹਾ ਹੈ। ਜਿਸ ਸਬੰਧੀ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਇਹਨਾਂ ਡਾਕਟਰਾਂ ਨੂੰ ਜਲਦ ਸਟੇਸ਼ਨ ਜਾਰੀ ਕਰ ਦਿੱਤੇ ਜਾਣਗੇ। ਇਹਨਾਂ ਨਵੇਂ ਭਰਤੀ ਡਾਕਟਰਾਂ ਵਿਚ ਸਪੈਸ਼ਲਿਸਟ ਡਾਕਟਰ ਵੀ ਹਨ ਜਿਹਨਾਂ ਨੂੰ ਸਿਵਲ ਸਰਜਨਾਂ ਵਲੋਂ ਦਿੱਤੀ ਸੂਚੀ ਅਨੁਸਾਰ ਵੱਖ-ਵੱਖ ਜ਼ਿਲਿਆਂ ਦੇ ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਜ਼ਿਲ੍ਹੇ  ਹਸਪਤਾਲਾਂ ਵਿਚ ਤੈਨਾਤ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਸਰਕਾਰੀ ਹਸਪਤਾਲਾਂ ਦੇ ਸਟਾਫ, ਓ.ਪੀ.ਡੀ. ਦਵਾਈਆਂ ਅਤੇ ਬੁਨੀਆਦੀ ਢਾਂਚੇ ਦੀ ਸਮੀਖਿਆ ਲਈ ਰੱਖੀ ਸਿਵਲ ਸਰਜਨਾਂ ਦੀ ਮੀਟਿੰਗ ਵਿਚ ਕੀਤਾ ਗਿਆ। ਡੀ.ਐਚ.ਐਸ ਦਫਤਰ, ਸੈਕਟਰ-34 ਚੰਡੀਗੜ ਵਿਖੇ ਰੱਖੀ ਗਈ ਇਸ ਮੀਟਿੰਗ ਵਿਚ ਸ੍ਰੀ ਸ਼ਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ, ਅਮਿਤ ਕੁਮਾਰ ਐਮ.ਡੀ.ਐਨ.ਐਚ.ਐਮ, ਹਰਪਾਲ ਸਿੰਘ ਚੀਮਾ, ਚੇਅਰਮੈਨ ਪੀ.ਐਚ.ਐਸ.ਸੀ, ਸਾਰੇ ਸਿਵਲ ਸਰਜਨ ਅਤੇ ਸਟੇਟ ਪ੍ਰੋਗਰਾਮ ਅਫਸਰ ਹਾਜ਼ਰ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਵੱਡੇ ਪੱਧਰ 'ਤੇ ਡਾਕਟਰਾਂ ਦੀ ਭਰਤੀ ਕੀਤੀ ਹੈ ਜੋ ਕਿ ਸਿਹਤ ਵਿਭਾਗ ਲਈ ਇਕ ਮੀਲ ਪੱਥਰ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਵਿੱਤੀ ਸੰਕਟ ਹੋਣ ਦੇ ਬਾਵਜੂਦ ਵੀ ਸਿਹਤ ਵਿਭਾਗ 10 ਸਾਲ ਦੇ ਅੰਤਰਾਲ ਬਾਅਦ ਵੱਡੀ ਗਿਣਤੀ ਵਿਚ 558 ਡਾਕਟਰਾਂ ਦੀ ਭਰਤੀ ਕਰਨ ਜਾ ਰਿਹਾ ਹੈ।ਬ੍ਰਹਮ ਮਹਿੰਦਰਾ ਨੇ ਸਿਵਲ ਸਰਜਨਾਂ ਨੂੰ ਕਿਹਾ ਕਿ ਉਹ ਜ਼ਿਲ•ਾ, ਸਬ-ਡਵੀਜਨਲ, ਸੀ.ਐਸ ਸੀ ਅਤੇ ਪੀ ਐਸ ਸੀ ਪੱਧਰ ਦੇ ਹਸਪਤਾਲਾਂ ਲਈ ਡਾਕਟਰਾਂ ਦੀ ਤੈਨਾਤੀ ਸਬੰਧੀ ਸੂਚੀ ਦੇਣ ਤਾਂ ਜੋ ਡਾਕਟਰਾਂ ਦੀ ਕਮੀ ਨਾਲ ਜੂਝ ਰਹੇ ਹਸਪਤਾਲਾਂ ਵਿਚ ਨਵੇਂ ਡਾਕਟਰਾਂ ਦੀ ਤੈਨਾਤੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਡਾਕਟਰਾਂ ਦੀ ਤੈਨਾਤੀ ਤਰਕ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਡਾਕਟਰਾਂ ਦੇ ਗ੍ਰਹਿ ਨਿਵਾਸ ਨਾਲ ਸਬੰਧਤ ਜ਼ਿਲਿ•ਆਂ ਦੇ ਹਸਪਤਾਲਾਂ ਵਿਚ ਤੈਨਾਤੀ ਨੂੰ ਤਵੱਜੋਂ ਦਿੱਤੀ ਜਾਵੇਗੀ ਤਾਂ ਜੋ ਮੈਡੀਕਲ ਅਫਸਰ ਸਮਰਪਿਤ ਹੋ ਕੇ ਤਨਦੇਹੀ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਣ। ਬ੍ਰਹਮ ਮਹਿੰਦਰਾ ਨੇ ਇਥੇ ਘੋਸ਼ਣਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਯੂਨੀਵਰਸਲ ਹੈਥਲ ਸਕੀਮ ਅਧੀਨ ਮਿਆਰੀ ਤੇ ਵਧੀਆ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ 10 ਜ਼ਿਲ•ਾ ਹਸਪਤਾਲਾਂ ਦਾ ਆਧੁਨਿਕਰਨ ਕਰੇਗੀ ਜਿਸ ਨਾਲ ਲੋਕਾਂ ਨੂੰ ਜ਼ਿਲ੍ਹੇ ਵਿਚ ਹੀ ਤੀਜੀ ਸ਼੍ਰੇਣੀ ਦੀਆਂ ਇਲਾਜ ਸੁਵਿਧਾਵਾਂ ਉਪਲੱਬਧ ਹੋ ਸਕਣਗੀਆਂ।
ਸਿਹਤ ਮੰਤਰੀ ਨੇ ਵਿਭਾਗ ਦੀਆਂ ਲੰਮੇ ਅਰਸੇ ਤੋਂ ਖਾਲੀ ਪਈਆਂ ਇਮਾਰਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ  ਸਿਵਲ ਸਰਜਨ ਜਲਦ ਇਹਨਾਂ ਇਮਾਰਤਾਂ ਸਬੰਧਤ ਰਿਪੋਰਟ ਪੇਸ਼ ਕਰਨ ਤਾਂ ਜੋ ਇਸ ਬੁਨਿਆਦੀ ਢਾਂਚੇ ਦੀ ਸੁਚੱਜੀ ਵਰਤੋਂ ਕਰਕੇ ਇਹਨਾਂ ਇਮਾਰਤਾਂ ਦੁਆਰਾ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੁਧਾਰ ਕੀਤਾ ਜਾ ਸਕੇ।ਸਿਹਤ ਮੰਤਰੀ ਵਲੋਂ ਮੀਟਿੰਗ ਦੌਰਾਨ ਹਸਪਤਾਲਾਂ ਵਿਚ ਉਪਲੱਬਧ ਦਵਾਈਆਂ ਸਬੰਧੀ ਸਥਿਤੀ ਦਾ ਵੀ ਮੁਲਾਂਕਣ ਕੀਤਾ ਗਿਆ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਸਿਵਲ ਸਰਜਨਾਂ ਨੂੰ ਕਿਸੇ ਵੀ ਘਟਨਾ ਵਾਪਰਨ ਦੌਰਾਨ ਤਿਆਰੀਆਂ ਰੱਖਣ ਦੇ ਆਦੇਸ਼ ਦਿੱਤੇ।ਬ੍ਰਹਮ ਮਹਿੰਦਰਾ ਵਲੋਂ ਸਿਵਲ ਹਸਪਤਾਲਾਂ ਵਿਚ ਮੌਜੂਦ ਟੈਸਟਿੰਗ ਮਸ਼ੀਨਰੀ ਜਿਵੇਂ ਕਿ ਅਲਟਰਾਸਾਊਂਡ ਮਸ਼ੀਨ, ਐਕਸ-ਰੇ ਮਸ਼ੀਨ, ਸੀ.ਬੀ. ਨੈੱਟ ਅਤੇ ਹੋਰ ਮਸ਼ੀਨਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ। ਮੀਟਿੰਗ ਵਿਚ ਹਾਜ਼ਰ ਕੁਝ ਸਿਵਲ ਸਰਜਨਾਂ ਵਲੋਂ ਮਿਆਦ ਪੂਰੀ ਕਰ ਚੁੱਕੀਆਂ ਮਸ਼ੀਨਾਂ ਬਾਰੇ ਵੀ ਦੱਸਿਆ ਗਿਆ। ਸਿਹਤ ਮੰਤਰੀ ਨੇ ਵਧੀਕ ਮੁੱਖ ਸਕੱਤਰ ਸ਼ਤੀਸ਼ ਚੰਦਰਾ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਜਲਦ ਮਸ਼ੀਨਰੀ ਦੀ ਖਰੀਦ ਲਈ  ਟੈਂਡਰ ਪ੍ਰਕਿਰਿਆ ਦਾ ਮਾਮਲਾ ਮੁਕੰਮਲ ਕਰਨ ਤਾਂ ਜੋ ਜ਼ਰੂਰੀ ਮਸ਼ੀਨਰੀ ਦੀ ਉਪਲੱਬਧਾ ਸਰਕਾਰੀ ਹਸਪਤਾਲਾਂ ਵਿਚ ਕੀਤੀ ਜਾ ਸਕੇ।

ਹੋਰ ਖਬਰਾਂ »