ਮਾਮਲਾ ਕੈਬਿਨੇਟ ਮੰਤਰੀ ਵੱਲੋਂ ਮਹਿਲਾ ਅਧਿਕਾਰੀ ਨੂੰ ਅਭੱਦਰ ਸਲੂਕ ਕਰਨ ਦਾ

ਚੰਡੀਗੜ੍ਹ, 26 ਅਕਤੂਬਰ, (ਹ.ਬ.) : ਪੰਜਾਬ ਦੇ ਇਕ ਮੰਤਰੀ ਵੱਲੋਂ ਇਕ ਸੀਨੀਅਰ ਮਹਿਲਾ ਆਈਐਸ ਅਧਿਕਾਰੀ ਨੂੰ ਅਭੱਦਰ ਮੇਸਜ਼ ਭੇਜਣ ਅਤੇ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਸੰਬੰਧੀ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੰਤਰੀ ਦੀ ਅਜਿਹੀ ਹਰਕਤ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਔਰਤਾਂ ਪ੍ਰਤੀ ਕਾਂਗਰਸ ਦਾ ਦੋਹਰਾ ਚੇਹਰਾ ਨੰਗਾ ਕਰ ਦਿੱਤਾ ਹੈ।‘ਆਪ‘ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਵੱਲੋਂ ਇਕ ਮਹਿਲਾ ਅਧਿਕਾਰੀ ਨਾਲ ਕੀਤਾ ਗਿਆ ਅਜਿਹਾ ਅਭੱਦਰ ਸਲੂਕ ਸਵੀਕਾਰਨ ਯੋਗ ਨਹੀਂ ਹੈ। ਆਮ ਆਦਮੀ ਪਾਰਟੀ ਇਸਦ ਸਖਤ ਨਿੰਦਾ ਕਰਦੀ ਹੈ। ਉਨਾਂ ਕਿਹਾ ਕਿ ਹੋਰ ਵੀ ਜਿਆਦਾ ਮੰਦਭਾਗੀ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੱਕ ਨੇ ਮਹਿਲਾ ਅਧਿਕਾਰੀ ਨੂੰ ਇਨਸਾਫ ਦੇਣ ਅਤੇ ਮੰਤਰੀ ਉਪਰ ਕਾਰਵਾਈ ਕਰਨ ਦੀ ਥਾਂ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਅਰੋੜਾ ਨੇ ਕਿਹਾ ਕਿ ਕਿ ਇੱਕ ਪਾਸੇ ਕਾਂਗਰਸ ਮਹਿਲਾਵਾਂ ਦਾ ਸਰੀਰਕ ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ਾਂ ‘ਚ ਘਿਰੇ ਭਾਜਪਾ ਦੇ ਕੇਂਦਰੀ ਮੰਤਰੀ ਐਮ.ਜੇ ਅਕਬਰ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਸੀ, ਦੂਜੇ ਪਾਸੇ ਆਪਣੇ ਮੰਤਰੀ ‘ਤੇ ਲੱਗੇ ਉਸੇ ਤਰਾਂ ਦੇ ਦੋਸ਼ਾਂ ਨੂੰ ਦਬਾਇਆ ਜਾ ਰਿਹਾ ਸੀ, ਜਦੋਂਕਿ ਚਾਹੀਦਾ ਇਹ ਸੀ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ‘ਵਿਸਾਖਾ ਗਾਈਡ ਲਾਇਨਜ਼‘ ਦੇ ਮੁਤਾਬਿਕ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਮਹਿਲਾਵਾਂ ਦੀ ਭਾਗੀਦਾਰੀ ਵਾਲੀ ਵਿਸ਼ੇਸ਼ ਕਮੇਟੀ ਹਵਾਲੇ ਕੀਤੀ ਜਾਂਦੀ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਜੇਕਰ ਮਾਮਲਾ ਧਿਆਨ ‘ਚ ਆਉਂਦੇ ਹੀ ਮੰਤਰੀ ਖ਼ਿਲਾਫ਼ ਕਾਰਵਾਈ ਕਰ ਦਿੰਦੇ ਤਾਂ ਪੂਰੇ ਦੇਸ਼ ‘ਚ ਇੱਕ ਸਖ਼ਤ ਅਤੇ ਸਪਸ਼ਟ ਸੰਦੇਸ਼ ਜਾਂਦਾ ਅਤੇ ਮਹਿਲਾਵਾਂ ‘ਤੇ ਹੁੰਦੇ ਮਾਨਸਿਕ-ਸਰੀਰਕ ਉਤਪੀੜਨ ਵਿਰੁੱਧ ਦੁਨੀਆ ਭਰ ‘ਚ ਚੱਲ ਰਹੀ ‘ਮੀ-ਟੂ‘ ਮੁਹਿੰਮ ਨੂੰ ਹੋਰ ਬਲ ਮਿਲਦਾ।

ਹੋਰ ਖਬਰਾਂ »