ਚੰਡੀਗੜ੍ਹ, 27 ਅਕਤੂਬਰ, (ਹ.ਬ.) : ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਜ਼ਰੂਰੀ ਕਰਨ 'ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੇ ਅਸਹਿਮਤੀ ਜਤਾ ਦਿੱਤੀ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਨਸ਼ੇ ਦੇ ਕਾਰਨ ਬਰਬਾਦ ਹੁੰਦੇ ਪਰਵਾਰਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਜ਼ਰੂਰੀ ਕਰਨ ਦਾ ਸੁਝਾਅ ਦਿੰਦੇ ਹੋਏ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਤੋਂ ਜਵਾਬ ਤਲਬ ਕੀਤਾ ਸੀ। ਇਸ 'ਤੇ ਹਰਿਆਣਾ ਸਰਕਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਾੜੇ ਦੇ ਲਈ ਡੋਪ ਟੈਸਟ ਜ਼ਰੂਰੀ ਨਹੀਂ ਹੋਣਾ ਚਾਹੀਦਾ। ਇਹ ਸਿਰਫ ਕੋਰਟ ਦੇ ਆਦੇਸ਼ 'ਤੇ ਹੀ ਹੋਣਾ ਚਾਹੀਦਾ। ਪੰਜਾਬ ਸਰਕਾਰ ਨੇ ਦੱਸਿਆ ਕਿ ਸੂਬੇ ਵਿਚ ਜਿੱਥੇ ਨਸ਼ਾ ਛੁਡਾਊ ਸੈਂਟਰ  ਹਨ, ਉਥੇ ਜਾ ਕੇ ਡੋਪ ਟੈਸਟ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਜ਼ਰੂਰੀ ਕੀਤਾ ਜਾਣਾ ਸਹੀ ਨਹੀਂ ਹੈ। ਚੰਡੀਗੜ੍ਹ ਨੇ ਅਪਣਾ ਪੱਖ ਰਖਦੇ ਹੋਏ ਕਿਹਾ ਕਿ ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਕਰਾਉਣ ਵਿਚ ਪ੍ਰਸ਼ਾਸਨ ਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਇਸ ਨੂੰ ਜ਼ਰੂਰੀ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਲਾੜਾ ਸਹਿਮਤ ਹੈ ਤਾਂ ਪ੍ਰਸ਼ਾਸਨ ਇਸ ਦੇ ਲਈ ਕਿਟ ਉਪਲਬਧ ਕਰਾਉਣ ਲਈ ਤਿਆਰ ਹੈ।
ਹਾਈ ਕੋਰਟ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਿਵਲ ਹਸਪਤਾਲਾਂ ਵਿਚ ਕਿਉਂ ਨਾ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਕਰਾਇਆ ਜਾਵੇ। ਕੋਰਟ ਵਿਚ ਆਉਣ ਵਾਲੇ ਜ਼ਿਆਦਾਤਰ ਪਰਵਾਰ ਵਿਵਾਦਾਂ ਵਿਚ ਨਸ਼ੇ ਦਾ ਸੇਵਨ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਬਣਦਾ ਹੈ। ਅਜਿਹੇ ਵਿਚ ਵਿਆਹ ਤੋਂ ਪਹਿਲਾਂ ਇਹ ਜਾਂਚ ਲੈਣ ਕਿ ਲਾੜਾ ਨਸ਼ਾ ਕਰਦਾ ਹੈ ਜਾਂ ਨਹੀਂ, ਬਹੁਤ ਜ਼ਰੂਰੀ ਹੈ। ਇਹ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ।

ਹੋਰ ਖਬਰਾਂ »