ਜਲੰਧਰ, 6 ਨਵੰਬਰ, (ਹ.ਬ.) : ਡੇਢ ਮਹੀਨੇ ਪਹਿਲਾਂ ਜਲੰਧਰ ਦੇ ਮਕਸੂਦਾਂ ਥਾਣੇ ਵਿਚ ਇੱਕ ਤੋਂ ਬਾਅਦ ਇੱਕ  ਹੋਏ ਚਾਰ ਧਮਾਕੇ ਅੰਸਾਰ ਗਜਵਤ ਉਲ ਹਿੰਦ (ਏਜੀਐਚ) ਯਾਨੀ ਹਿੰਦੂਸਤਾਨ ਦੇ ਖ਼ਿਲਾਫ਼ ਜੰਗ ਨਾਂ ਦੇ ਸੰਗਠਨ ਦੇ ਸਰਗਨਾ ਅਤੇ ਅਲਕਾਇਦਾ ਦੇ ਸਾਬਕਾ ਕਮਾਂਡਰ ਅੱਤਵਾਦੀ ਜਾਕਿਰ ਮੂਸਾ ਨੇ ਕਰਵਾਏ ਸਨ। ਸੋਮਵਾਰ ਨੂੰ ਇਹ ਖੁਲਾਸਾ ਸ਼ਹਿਰ ਤੋਂ ਫੜੇ ਗਏ ਦੋ ਹੋਰ ਕਸ਼ਮੀਰੀਆਂ ਨੇ ਪੁਲਿਸ ਪੁਛਗਿੱਛ ਵਿਚ ਕੀਤਾ ਹੈ। ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ ਨਾਲ ਆਏ ਸਨ, ਬੰਬ ਇਨ੍ਹਾਂ ਨੇ ਨਹੀਂ ਸੁੱਟੇ। ਬੰਬ ਸੁੱਟਣ ਵਾਲੇ ਇਨ੍ਹਾਂ ਦੇ ਸਾਥੀ ਅਜੇ ਫਰਾਰ ਹਨ। 
ਘਟਨਾ 14 ਸਤੰਬਰ ਦੀ ਸ਼ਾਮ 7 ਵੱਜ ਕੇ 26 ਮਿੰਟ ਦੀ ਹੈ। ਮਕਸੂਦਾਂ ਥਾਣੇ ਦੇ ਆਸ ਪਾਸ ਲੋਕਾਂ ਨੂੰ ਸਿਲਸਿਲੇਵਾਰ ਚਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਭਾਜੜਾਂ ਪੈ ਗਈਆਂ। ਪਤਾ ਚਲਿਆ ਕਿ ਇਹ ਧਮਾਕੇ ਥਾਣੇ ਵਿਚ ਹੀ ਹੋਏ ਹਨ। 
ਘੱਟ ਤਾਕਤਵਰ ਧਮਾਕਿਆਂ ਦੀ ਘਟਨਾ ਵਿਚ ਐਸਐਚਓ ਰਮਨਦੀਪ ਸਿੰਘ ਜ਼ਖਮੀ ਹੋ ਗਏ ਸਨ। ਇਲੈਕਸ਼ਨ ਡਿਊਟੀ 'ਤੇ ਆਏ ਮੰਡ ਚੌਕੀ ਦੇ ਹੌਲਦਾਰ ਪਰਮਿੰਦਰ ਜੀਤ ਸਿੰਘ ਉਰਫ ਪਾਲਾ ਭਲਵਾਨ ਦੇ ਸਰੀਰ ਤੋਂ ਵੀ ਖੂਨ ਵਗਣ ਲੱਗਿਆ। ਹਸਪਤਾਲ ਵਿਚ ਭਰਤੀ ਕਰਾਏ ਜਾਣ 'ਤੇ ਉਨ੍ਹਾਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਘਟਨਾ ਦੇ ਦਿਨ ਡੀਜੀਪੀ ਵੀ ਸ਼ਹਿਰ ਦੇ ਦੌਰੇ 'ਤੇ ਸਨ। ਅਜਿਹੇ ਵਿਚ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਗਏ।
ਮਾਮਲੇ ਦੀ ਜਾਂਚ ਦੇ ਲਈ ਗਠਤ ਪੁਲਿਸ ਦੀ ਇੱਕ ਸਪੈਸ਼ਲ ਟੀਮ ਨੇ ਜੰਮੂ ਕਸ਼ਮੀਰ ਪੁਲਿਸ ਦੀ ਮਦਦ ਨਾਲ ਅਕਤੂਬਰ ਵਿਚ ਜਲੰਧਰ ਦੇ ਸ਼ਾਹਪੁਰ ਸਥਿਤ ਇੰਸਟੀਚਿਊਟ ਦੇ ਇੰਜੀਨੀਅਰਿੰਗ ਕਾਲਜ ਹੋਸਟਲ ਤੋਂ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਬੂ ਕੀਤਾ ਸੀ। ਇਨ੍ਹਾਂ ਵਿਚ ਰਫੀਕ ਬਟ ਨਾਂ ਦੇ ਵਿਦਿਆਰਥੀ ਅਲਕਾਇਦਾ ਦੇ ਸਾਬਕਾ ਕਮਾਂਡਰ ਜਾਕਿਰ ਮੂਸਾ ਦਾ ਚਚੇਰਾ ਭਰਾ ਹੈ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਆਏ ਦਿਨ ਕੋਈ ਨਾ ਕੋਈ ਨਵਾਂ ਖੁਲਾਸਾ ਹੋ ਰਿਹਾ ਹੈ। ਹੁਣ ਸੋਮਵਾਰ ਨੂੰ ਸੇਂਟ ਸੋਲਜਰ ਗਰੁੱਪ ਦੇ ਦੋ ਹੋਰ ਵਿਦਿਆਰਥੀਆਂ ਨੂੰ ਕਾਬੂ ਕੀਤਾ ਗਿਆ ਹੈ।

ਹੋਰ ਖਬਰਾਂ »