ਨਵੀਂ ਦਿੱਲੀ, 8 ਨਵੰਬਰ, (ਹ.ਬ.) : ਦੀਵਾਲੀ ਤੋਂ ਬਾਅਦ ਦਿੱਲੀ ਵਿਚ ਸਵੇਰੇ ਜਦੋਂ ਲੋਕਾਂ ਨੇ ਅੱਖਾਂ ਖੋਲ੍ਹੀਆਂ ਤਾਂ ਕਈ ਇਲਾਕਿਆਂ ਵਿਚ ਉਨ੍ਹਾਂ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆਈ। ਸਾਊਥ   ਬਲਾਕ ਤੇ ਆਲੇ ਦੁਆਲੇ ਦਾ ਇਲਾਕਾ ਧੂੰਏਂ ਦੀ ਚਾਦਰ ਨਾਲ ਢਕਿਆ ਹੋਇਆ ਸੀ। ਦੀਵਾਲੀ ਤੋਂ ਪਹਿਲਾਂ ਬੇਸ਼ਕ ਹੀ ਪਟਾਕਿਆਂ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਘੱਟ ਦੇਖਿਆ ਗਿਆ ਸੀ ਪਰ ਬੁੱਧਵਾਰ ਨੂੰ ਦਿੱਲੀ ਵਿਚ ਵੱਡੀ ਪੱਧਰ 'ਤੇ ਪਟਾਕੇ ਚਲਾਏ ਗਏ ਜਿਸ ਕਾਰਨ ਦਿੱਲੀ ਦੀ ਹਵਾ 'ਖ਼ਤਰਨਾਕ' ਪੱਧਰ 'ਤੇ ਪਹੁੰਚ ਗਈ। ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਲਈ 8 ਤੋਂ 10 ਵਜੇ ਦੀ ਸਮਾਂ ਸੀਮਾ ਤੈਅ ਕੀਤੀ ਸੀ ਪਰ ਲੋਕਾਂ ਨੇ ਇਸ ਆਦੇਸ਼ ਦੀ ਉਲੰਘਣਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕਈ ਇਲਾਕਿਆਂ ਵਿਚ ਸ਼ਾਮ ਤੋਂ ਹੀ ਪਟਾਕੇ ਚੱਲਣ ਦੀ ਸ਼ੁਰੂਆਤ ਹੋ ਗਈ, ਜੋ ਦੇਰ ਰਾਤ ਤੱਕ ਜਾਰੀ ਰਹੀ।
ਸਵੇਰੇ ਛੇ ਵਜੇ ਏਅਰ ਕਵਾਲਿਟੀ ਇੰਡੈਕਸ (ਏ.ਕਿਊ.ਆਈ)  ਦਿੱਲੀ ਦੇ ਕਈ ਇਲਾਕਿਆਂ ਵਿਚ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ। ਕਈ ਇਲਾਕਿਆਂ ਵਿਚ ਤਾਂ ਇਹ 900 ਤੋਂ ਉਪਰ ਪਹੁੰਚ ਗਿਆ। ਆਨੰਦ ਵਿਹਾਰ ਵਿਚ ਲੈਵਲ 999, ਅਮਰੀਕੀ ਦੂਤਘਰ ਚਾਣਕਿਆਪੁਰੀ ਦੇ ਆਸ ਪਾਸ 459 ਅਤੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਦੇ ਆਸ ਪਾਸ 999 ਪਹੁੰਚ ਗਿਆ ਜੋ ਹਵਾ ਦੀ ਗੁਣਵੱਤਾ ਦੀ ਖ਼ਤਰਨਾਕ ਸ਼੍ਰੇਣੀ ਵਿਚ ਆਉਂਦਾ ਹੈ। 
ਇਸ ਤੋਂ ਪਹਿਲਾਂ ਦੀਵਾਲੀ ਦੇ ਦਿਨ ਬੁਧਵਾਰ ਨੂੰ ਸ਼ਾਮ 7 ਵਜੇ  ਏਅਰ ਕਵਾਲਿਟੀ ਇੰਡੈਕਸ 286 ਰਿਕਾਰਡ ਕੀਤਾ ਗਿਆ ਸੀ ਜੋ ਰਾਤ 8 ਵਜੇ 405 ਦੇ ਪੱਧਰ 'ਤੇ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਰਾਤ 9 ਵਜੇ ਹਾਲਾਤ ਹੋਰ ਖਰਾਬ ਹੋ ਗਏ ਅਤੇ ਏਅਰ ਕਵਾਲਿਟੀ ਇੰਡੈਕਸ 514 ਪਹੁੰਚ ਗਿਆ। 
ਆਨੰਦ ਵਿਹਾਰ ਹੀ ਨਹੀਂ, ਆਈਟੀਓ ਅਤੇ ਜਹਾਂਗੀਰਪੁਰੀ ਜਿਹੇ ਇਲਾਕਿਆਂ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਕਾਫੀ ਜ਼ਿਆਦਾ ਪਾਇਆ ਗਿਆ। ਮਯੂਰ ਵਿਹਾਰ ਐਕਸਟੈਂਸ਼ਨ, ਲਾਜਪਤ ਨਗਰ, ਲੁਟਿਯੰਸ ਦਿੱਲੀ, ਆਈਪੀ ਐਕਸਟੈਂਸ਼ਨ, ਦੁਆਰਕਾ, ਨੋਇਡਾ ਸੈਕਟਰ 78 ਸਮੇਤ ਕਈ ਇਲਾਕਿਆਂ ਵਿਚ ਸੁਪਰੀਮ ਕੋਰਟ ਦੇ ਆਦੇਸ਼ ਦਾ ਉਲੰਘਣ ਕੀਤੇ ਜਾਣ ਦੀਆਂ ਖ਼ਬਰਾਂ ਹਨ। 

ਹੋਰ ਖਬਰਾਂ »