ਚੰਡੀਗੜ, 26 ਨਵੰਬਰ, (ਹ.ਬ.) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਸੱਦੇ ਨੂੰ ਠੁਕਰਾਉਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ  ਪੰਜਾਬ ਦੇ ਨਾਲ-ਨਾਲ ਸਮੁੱਚੇ ਮੁਲਕ ਦੇ ਵਡੇਰੇ ਹਿੱਤਾਂ ਵਿੱਚ ‘ਸਿਧਾਂਤਕ ਕਦਮ’ ਦੱਸਿਆ ਹੈ। ਮੁੱਖ ਮੰਤਰੀ ਦੇ ਇਸ ਸਟੈਂਡ ਦੀ ਪ੍ਰਸੰਸਾ ਕਰਦਿਆਂ ਜਾਖੜ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਉਤਸ਼ਾਹ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਚਿੰਤਾਵਾਂ ਬੌਮੌਕਾ ਨਹੀਂ ਹਨ। ਜਾਖੜ ਨੇ ਕਿਹਾ ਕਿ ਤੀਖਣ ਬੁੱਧੀ ਵਾਲੇ ਹੰਢੇ ਹੋਏ ਸਿਆਸਤਦਾਨ ਵਜੋਂ ਅਤੇ ਆਪਣੇ ਮੁਲਕ ਤੇ ਲੋਕਾਂ ਪ੍ਰਤੀ ਦਿ੍ਰੜ ਵਫ਼ਾਦਾਰੀ ਵਾਲੇ ਸੈਨਿਕ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੌਜੂਦਾ ਸੰਦਰਭ ਵਿੱਚ ਪਾਕਿਸਤਾਨ ਦੇ ਦੌਰੇ ਨਾਲ ਹਥਿਆਰਬੰਦ ਫੌਜਾਂ ਅਤੇ ਭਾਰਤੀ ਨਾਗਰਿਕਾਂ ਨੂੰ ਕੀ ਸੁਨੇਹਾ ਜਾ ਸਕਦਾ ਹੈ। ਉਨਾਂ ਨੇ ਮੁੱਖ ਮੰਤਰੀ ਨੂੰ ਸੂਝਵਾਨ ਰਾਜਨੇਤਾ ਦੱਸਿਆ ਜੋ ਵਰਤਮਾਨ ਵਿੱਚ ਕੀ ਕੁਝ ਵਾਪਰ ਰਿਹਾ ਹੈ, ਤੋਂ ਪਾਰ ਜਾ ਕੇ ਵੇਖਣ ਦਾ ਨਜ਼ਰੀਆ ਰੱਖਦੇ ਹਨ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਆਪਣੇ ਸਿਧਾਂਤਾਂ ’ਤੇ ਦਿ੍ਰੜਤਾ ਨਾਲ ਪਹਿਰਾ ਦਿੰਦੇ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਸਟੈਂਡ ਤੋਂ ਉਲਟ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗਿਰਗਿਟ ਵਾਂਗ ਰੰਗ ਬਦਲਦੇ ਹਨ। ਜਾਖੜ ਨੇ ਦੋਵਾਂ ਪਾਰਟੀਆਂ ਵੱਲੋਂ ਮੁਲਕ ’ਤੇ ਪੈਣ ਵਾਲੇ ਅਸਰ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਲਾਮਬੰਦੀ ਕਰਨ ਦੀ ਸਖ਼ਤ ਆਲੋਚਨਾ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ 26/11 ਹਮਲੇ ਦੀ 10ਵੀਂ ਵਰੇਗੰਢ ਉਹ ਭਿਆਨਕ ਯਾਦ ਦਿਵਾਉਂਦੀ ਹੈ ਕਿ ਜੇਕਰ ਅਸੀਂ ਸੰਕੇਤਕ ਚਿੰਨ ਵੇਖਣ ਵਿੱਚ ਅਸਫਲ ਰਹੇ ਤਾਂ ਕੀ ਕੁਝ ਵਾਪਰ ਸਕਦਾ ਹੈ। ਇਸ ਦੀਆਂ ਮਿਸਾਲਾਂ ਹੋਰ ਰੋਜ਼ ਕੌਮਾਂਤਰੀ ਸਰਹੱਦ ’ਤੇ ਸਾਡੇ ਸੈਨਿਕਾਂ ਦੀ ਹੱਤਿਆਵਾਂ ਅਤੇ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗਰੁੱਪਾਂ ਵੱਲੋਂ ਪੰਜਾਬ ਵਿੱਚ ਕੀਤੇ ਤਾਜ਼ਾ ਹਮਲਿਆਂ ਤੋਂ ਮਿਲ ਜਾਂਦੀਆਂ ਹਨ।ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਜੋੜਨ ਲਈ ਪਿਛਲੇ ਸਮੇਂ ਵਿੱਚ ਦਿੱਲੀ-ਲਾਹੌਰ (ਸਦਾ-ਏ-ਸਰਹੱਦ) ਬਸ ਸੇਵਾ ਅਤੇ ਸਮਝੌਤਾ ਐਕਸਪ੍ਰੈਸ ਰੇਲ ਸੇਵਾ ਸਮੇਤ ਕੀਤੇ ਹੋਰ ਉਪਰਾਲਿਆਂ ਦੀ ਹੋਣੀ ਨੂੰ ਚੇਤੇ ਕਰਦਿਆਂ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਤਵਾਦੀ ਘਟਨਾਵਾਂ ਜਾਰੀ ਰਹਿਣ ਦੀ ਸੂਰਤ ਵਿੱਚ ਇਸ ਪ੍ਰਸਾਵਿਤ ਕੌਰੀਡੋਰ ਦੇ ਭਵਿੱਖ ’ਤੇ ਜ਼ਾਹਰ ਕੀਤਾ ਤੌਖਲਾ ਵਾਜਬ ਹੈ। ਜਾਖੜ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਅਤੇ ਏਕਤਾ ਉਦੋਂ ਤੱਕ ਹਕੀਕੀ ਰੂਪ ਨਹੀਂ ਲੈ ਸਕਦੇ, ਜਦੋਂ ਤੱਕ ਸਰਹੱਦ ਪਾਰ ਤੋਂ ਹੁੰਦੀ ਹਿੰਸਾ ਨੂੰ ਠੱਲ ਨਹੀਂ ਪੈਂਦੀ। ਉਨਾਂ ਨੇ ਦੋਵਾਂ ਮੁਲਕਾਂ ਵਿਚਕਾਰ ਸ਼ਾਂਤੀਪੂਰਨ ਅਤੇ ਦੋਸਤਾਨਾ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਸਾਰਥਿਕ ਢੰਗ ਨਾਲ ਅੱਗੇ ਵਧਣ ਲਈ ਜ਼ਮੀਨੀ ਪੱਧਰ ਦੀ ਸਥਿਤੀ ਵਿੱਚ ਤਬਦੀਲੀ ਲਿਆਉਣ ਦਾ ਸੱਦਾ ਦਿੱਤਾ। ਭਾਵੇਂ ਕਿ ਕਰਤਾਰਪੁਰ ਲਾਂਘਾ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਸਾਕਾਰਤਮਕ ਕਦਮ ਹੈ ਪਰ ਪਾਕਿਸਤਾਨ ਨੂੰ ਆਪਣੀਆਂ ਸੈਨਾਵਾਂ ਨੂੰ ਮਾਨਵਤਾ ਦੇ ਸਾਰੇ ਸਿਧਾਂਤ ਛਿੱਕੇ ਟੰਗ ਕੇ ਸਾਡੇ ਸੈਨਿਕਾਂ ਦੀ ਹੱਤਿਆਵਾਂ ਅਤੇ ਉਨਾਂ ਦੇ ਸਿਰ ਕਲਮ ਕਰਨ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਅੱਤਵਾਦੀ ਗਰੁੱਪਾਂ ਦੀ ਪਿੱਠ ਥਾਪੜਣ ਦੀਆਂ ਹਿੰਸਕ ਗਤੀਵਿਧੀਆਂ ਦਾ ਅੰਤ ਕਰਕੇ ਇਸ ਪਾਸੇ ਵੱਲ ਠੋਸ ਕਦਮ ਚੁੱਕਣ ਦੀ ਲੋੜ ਹੈ।

ਹੋਰ ਖਬਰਾਂ »