ਖੰਨਾ, 28 ਨਵੰਬਰ, (ਹ.ਬ.) : ਲੜਕੀ ਨਾਲ ਉਸ ਦੇ ਘਰ ਮਿਲਣ ਪੁੱਜੇ ਨੌਜਵਾਨ ਨੇ ਲੜਕੀ ਨੂੰ ਅਪਣੇ ਨਾਲ ਵਿਆਹ ਕਰਨ ਲਈ ਕਿਹਾ। ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਨੌਜਵਾਨ ਨੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੇਠਲੇ ਹਿੱਸੇ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਦੌਰਾਨ ਹੋਈ ਝੜਪ ਤੋਂ ਬਾਅਦ ਤੇਜ਼ਾਬ ਦੀ ਬੋਤਲ ਨੌਜਵਾਨ 'ਤੇ ਵੀ ਪਲਟ ਗਈ  ਦੋਵਾਂ ਨੂੰ ਖੰਨਾ ਹਸਪਤਾਲ ਲੈ ਜਾਇਆ ਗਿਆ, ਜਿੱਥੇ ਨੌਜਵਾਨ ਨੂੰ ਪਟਿਆਲਾ ਅਤੇ ਲੜਕੀ ਨੂੰ ਚੰਡੀਗੜ੍ਹ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।  ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਨੇ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਘਰ ਵਿਚ ਹੀ ਰਹਿੰਦੀ ਹੈ। ਬੀਤੇ ਦਿਨ ਉਸ ਦੀ ਮਾਂ ਕਿਸੇ ਕੰਮ ਦੇ ਸਿਲਸਿਲੇ ਵਿਚ ਬਾਹਰ ਗਈ ਸੀ। ਇਸੇ ਦੌਰਾਨ ਉਨ੍ਹਾਂ ਦੀ ਪਛਾਣ ਵਾਲੇ ਸਾਹਿਲ ਖਾਨ ਨੇ ਉਸ ਨੂੰ ਜ਼ਰੂਰੀ ਗੱਲ ਦੇ ਲਈ ਮਿਲਣ ਲਈ ਕਿਹਾ। ਸਵੇਰੇ ਕਰੀਬ 11 ਵਜੇ ਉਹ ਘਰ ਆ ਗਿਆ।  ਇਸ ਤੋਂ ਬਾਅਦ ਸਾਹਿਲ ਉਸ ਨਾਲ ਵਿਆਹ ਦੀ ਗੱਲ ਕਰਨ ਲੱਗਾ।   ਵਿਆਹ ਤੋਂ ਇਨਕਾਰ ਕਰਨ 'ਤੇ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ । ਉਸ ਤੋਂ ਬਾਅਦ ਉਸ ਨੂੰ ਪਾਣੀ ਲੈਣ ਲਈ ਰਸੋਈ ਵਿਚ ਭੇਜ ਦਿੱਤਾ। ਜਦ ਉਹ ਪਾਣੀ ਲੈ ਕੇ ਪੁੱਜੀ ਤਾਂ ਸਾਹਿਲ ਨੇ ਉਸ ਦੇ ਸਰੀਰ ਦੇ ਹੇਠਲੇ ਹਿੱਸੇ 'ਤੇ ਤੇਜ਼ਾਬ ਸੁੱਟ ਦਿੱਤਾ। ਉਸ ਨੇ ਸਾਹਿਲ ਨੂੰ ਧੱਕਾ ਦਿੱਤਾ ਤਾਂ ਤੇਜ਼ਾਬ ਉਸ ਦੇ ਉਪਰ ਵੀ ਡਿੱਗ ਗਿਆ। ਇਸ ਤੋਂ ਬਾਅਦ ਸਾਹਿਲ ਉਸ ਨੂੰ ਧਮਕੀਆਂ ਦੇਣ ਲੱਗਾ। ਇਸ ਤੋਂ ਬਾਅਦ ਲੜਕੀ ਨੇ ਫੋਨ ਕਰਕੇ ਅਪਣੀ ਮਾਂ ਨੂੰ ਘਰ ਬੁਲਾ ਲਿਆ।

ਹੋਰ ਖਬਰਾਂ »