ਅੰਮ੍ਰਿਤਸਰ, 3 ਦਸੰਬਰ, (ਹ.ਬ.) : ਅੰਮ੍ਰਿਤਸਰ ਵਿਚ ਐਤਵਾਰ ਰਾਤ ਸੈਂਕੜੇ ਲੋਕਾਂ ਦੀ ਭੀੜ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਇਹ ਲੋਕ ਥਾਣਾ ਗੇਟ ਹਕੀਮਾਂ ਵਿਚ ਪੁਲਿਸ ਹਿਰਾਸਤ ਵਿਚ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਗੁੱਸੇ ਵਿਚ ਸਨ। ਇੱਟਾਂ ਤੇ ਪੱਥਰਾਂ ਨਾਲ ਹੋਏ ਇਸ ਹਮਲੇ ਵਿਚ ਦੋ ਪੁਲਿਸ ਵਾਲੇ ਜ਼ਖ਼ਮੀ ਹੋਏ ਹਨ। ਦੋਸ਼ ਹੈ ਕਿ ਦੇਰ ਸ਼ਾਮ ਪੁਲਿਸ ਨੇ ਨੌਜਵਾਨ ਨੂੰ ਘਰ ਆ ਕੇ ਹਿਰਾਸਤ ਵਿਚ ਲਿਆ। ਫੇਰ ਕਰੀਬ ਡੇਢ ਘੰਟੇ ਬਾਅਦ ਉਸ ਦੀ ਤਬੀਅਤ ਵਿਗੜ ਗਈ। ਜਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਨੌਜਵਾਨ ਦੇ  ਘਰ ਵਾਲਿਆਂ ਅਤੇ ਹੋਰ ਲੋਕਾਂ ਦਾ ਦੋਸ਼ ਹੈ ਕਿ ਉਸ ਦੀ ਮੌਤ ਪੁਲਿਸ ਦੇ ਟਾਰਚਰ ਕਰਨ ਹੋਈ ਹੈ। ਇੱਥੇ ਤੱਕ ਕਿ ਬਾਅਦ ਵਿਚ ਉਸ ਦਾ ਪੋਸਟਮਾਰਟਮ ਨਹੀਂ ਕਰਾਉਣ ਦਿੰਤਾ। ਇਸ ਕਾਰਨ ਗੁੱਸੇ ਵਿਚ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ  'ਤੇ ਲਾਠੀਚਾਰਜ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਲਤਾਨਵਿੰਡ ਦੇ ਰਹਿਣ ਵਾਲੇ ਬਿੱਟੂ ਸ਼ਾਹ ਦੇ ਰੂਪ ਵਿਚ ਹੋਈ ਹੈ।  ਜੋ ਕਾਂਗਰਸ ਐਸਸੀ ਵਿੰਗ ਦਾ ਵਾਰਡ ਪ੍ਰਧਾਨ ਅਤੇ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦਾ ਨਜ਼ਦੀਕੀ ਸੀ। ਉਸ ਦੇ ਤਿੰਨ ਬੱਚਿਆਂ ਵਿਚ ਦੋ ਬੇਟੇ ਅਤੇ ਇੱਕ ਬੇਟੀ ਹੈ। ਬਿੱਟੂ ਦੇ ਭਤੀਜੇ ਨੇ ਦੱਸਿਆ ਕਿ ਪੁਲਿਸ ਇਲਾਕੇ ਵਿਚ ਕਿਸੇ ਨੂੰ ਚੁੱਕਣ ਆਈ ਸੀ। ਬਿੱਟੂ ਨੂੰ ਪਤਾ ਚਲਿਆ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਨੇ ਪੁਲਿਸ ਨੂੰ ਚੁੱਕੇ ਜਾਣ ਦਾ ਕਾਰਨ ਪੁੱÎਛਿਆ ਤਾਂ ਪੁਲਿਸ ਬਿੱਟੂ ਨੂੰ ਵੀ ਬਗੈਰ ਪਰਿਵਾਰ ਨੂੰ ਜਾਣਕਾਰੀ ਦਿੱਤੇ ਅਪਣੇ ਨਾਲ ਲੈ ਗਈ। ਫੇਰ ਰਾਤ ਕਰੀਬ 9 ਵਜੇ ਥਾਣੇ ਤੋਂ ਫੋਨ ਆਇਆ ਕਿ ਬਿੱਟੂ ਦੀ ਹਾਲਤ ਖਰਾਬ ਹੈ, ਤੁਸੀਂ ਲੋਕ ਥਾਣੇ ਆ ਜਾਓ। ਜਦ ਪਰਿਵਾਰ ਥਾਣੇ ਪੁੱਜਿਆ ਤਾਂ ਬਿੱਟੂ ਦੀ ਉਥੇ ਲਾਸ਼ ਪਈ ਸੀ। ਫਿਲਹਾਲ ਬਿੱਟੂ ਦੀ ਪਤਨੀ ਅਤੇ ਬੱਚਿਆਂ ਦਾ ਰੋਅ ਰੋਅ ਕੇ ਬੁਰਾ ਹਾਲ ਹੈ। 
ਇਸ ਮਾਮਲੇ ਨੂੰ ਲੈ ਕੇ ਏਡੀਸੀਪੀ ਜਗਜੀਤ ਸਿੰਘ ਨੇ ਬਿੱਟੂ ਸ਼ਾਹ ਦੀ ਮੌਤ ਪੁਲਿਸ ਹਿਰਾਸਤ ਵਿਚ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਲਾਸ਼ ਨੂੰ ਹਸਪਤਾਲ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਸੱਚਾਈ ਸਾਹਮਣੇ ਆ ਜਾਵੇਗੀ ਕਿ ਉਸ ਦੀ ਮੌਤ ਆਖਰ ਕਿਵੇਂ ਹੋਈ ਹੈ।

ਹੋਰ ਖਬਰਾਂ »