ਇਸਲਾਮਾਬਾਦ, 7 ਦਸੰਬਰ, (ਹ.ਬ.) : ਪਾਕਿਸਤਾਨ ਵਿਚ ਲਾਹੌਰ ਦੀ Îਇੱਕ ਜਵਾਬਦੇਹੀ ਅਦਾਲਤ ਨੇ ਆਸ਼ਿਆਨਾ ਆਵਾਸ ਯੋਜਨਾ ਮਾਮਲੇ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਸ਼ਰੀਫ ਨੂੰ ਐਨਏਬੀ ਨੇ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਤਦ ਤੋਂ ਕਈ ਵਾਰ ਉਨ੍ਹਾਂ ਦੀ ਹਿਰਾਸਤ ਵਧਾਈ ਜਾ ਚੁੱਕੀ ਹੈ। ਪਿਛਲੀ ਵਾਰ 28 ਨਵੰਬਰ ਨੂੰ ਉਨ੍ਹਾਂ ਦੀ ਹਿਰਾਸਤ ਵਧਾਈ ਗਈ ਸੀ। 
8 ਦਿਨ ਹਿਰਾਸਤ ਖਤਮ ਹੋਣ ਤੋਂ ਬਾਅਦ ਉਨ੍ਹਾਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਐਨਏਬੀ ਨੇ ਉਨ੍ਹਾਂ ਦੀ ਹਿਰਾਸਤ ਨੂੰ ਹੋਰ ਵਧਾਉਣ ਦੀ ਮੰਗ ਕੀਤੀ। ਅਦਾਲਤ ਨੇ ਐਨਏਬੀ ਦੀ ਹਿਰਾਸਤ ਦੀ ਮੰਗ ਨੂੰ ਰੱਦ ਕਰਕੇ ਉਨ੍ਹਾਂ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਹੁਣ ਉਨ੍ਹਾਂ ਦੀ ਅਗਲੀ ਪੇਸ਼ੀ 13 ਦਸੰਬਰ ਨੂੰ ਹੋਵੇਗੀ।
ਸ਼ਰੀਫ ਦੇ ਵਕੀਲ ਅਮਜਦ ਪਰਵੇਜ਼ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਿਲ ਦੇ 2011 ਤੋਂ  2017 ਤੱਕ ਦੇ ਵਿੱਤੀ ਲੈਣ ਦੇਣ ਕਰ ਰਿਟਰਨ ਦੇ ਰਿਕਾਰਡ ਵਿਚ ਸਪਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰ ਕਾਨੂੰਨ ਵਿਚ  ਨਾਗਰਿਕਾਂ ਨੂੰ ਮਿਲੇ ਤੋਹਫਿਆਂ ਦਾ ਬਿਓਰਾ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਸ਼ਰੀਫ ਨੇ ਅਪਣੇ ਨਿੱਜੀ ਖਾਤੇ ਤੋਂ ਪੈਸੇ ਕੱਢੇ ਜੋ ਕਿ ਪਾਕਿਸਤਾਨੀ ਕਾਨੂੰਨ ਦੇ ਤਹਿਤ ਅਪਰਾਧ ਨਹੀਂ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਸ਼ਰੀਫ ਨੇ ਅਪਣੀ ਆਮਦਨ ਤੋਂ ਜ਼ਿਆਦਾ ਕੋਈ ਖ਼ਰਚ ਕੀਤਾ ਹੋਵੇ। ਪਰਵੇਜ਼ ਨੇ ਕਿਹਾ ਕਿ ਜੇਕਰ ਸ਼ਾਹਬਾਜ਼ ਅਪਣੇ ਆਮਦਨ ਕਰ ਰਿਟਰਨ ਤੋਂ ਜ਼ਿਆਦਾ ਖ਼ਰਚ ਕਰਦੇ ਤਾਂ ਅਪਰਾਧ ਹੁੰਦਾ। ਉਨ੍ਹਾਂ ਅਦਾਲਤ ਨੂੰ ਐਨਏਬੀ ਦੀ ਹਿਰਾਸਤ ਵਧਾਉਣ ਦੀ  ਮੰਗ ਨੂੰ ਰੱਦ ਕਰਨ ਦੀ ਅਪੀਲ ਕੀਤੀ।

ਹੋਰ ਖਬਰਾਂ »