ਪੇਈਚਿੰਗ, 10 ਦਸੰਬਰ, (ਹ.ਬ.) : ਟਰੇਡ ਵਾਰ ਨੂੰ ਰੋਕਣ ਦੇ ਲਈ ਚੀਨ ਅਤੇ ਅਮਰੀਕਾ ਦੇ ਵਿਚ ਬਣੀ ਸਹਿਮਤੀ ਦੇ ਵਿਚ ਇੱਕ ਵਾਰ ਮੁੜ ਦੋਵੇਂ ਦੇਸ਼ਾਂ ਦੇ ਸਬੰਧ ਤਣਾਅਪੂਰਣ ਹੋ ਗਏ ਹਨ। ਇਹ ਤਣਾਅ ਕੈਨੇਡਾ ਵਿਚ ਦਿੱਗਜ ਟੈਲੀਕਾਮ ਕੰਪਨੀ ਹੁਵਾਈ ਦੇ ਸੰਸਥਾਪਕ ਦੀ ਧੀ ਅਤੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਮੇਂਗ ਵਾਨਝੋਉ ਨੂੰ ਹਿਰਾਸਤ ਵਿਚ ਲਏ ਜਾਣ ਤੋ ਬਾਅਦ ਪੈਦਾ ਹੋਏ ਹਨ। ਦਰਅਸਲ, ਅਮਰੀਕਾ ਦੀ ਹਵਾਲਗੀ ਦੀ ਮੰਗ 'ਤੇ ਮੇਂਗ ਨੂੰ 1 ਦਸੰਬਰ ਤੋਂ ਕੈਨੇਡਾ ਵਲੋਂ  ਹਿਰਾਸਤ ਵਿਚ ਰੱਖਿਆ ਗਿਆ ਹੈ। 
ਮੇਂਗ (46) 'ਤੇ ਈਰਾਨ 'ਤੇ ਲੱਗੀ ਅਮਰੀਕੀ ਪਾਬੰਦੀਆਂ ਦੇ ਨਿਯਮ ਤੋੜ ਕੇ ਉਸ ਨਾਲ ਵਪਾਰ ਕਰਨ ਨਾਲ ਜੁੜੇ ਦੋਸ਼ ਹਨ। ਹੁਣ ਮੇਂਗ ਨੂੰ ਹਿਰਾਸਤ ਵਿਚ ਲੈਣ ਦੇ ਮਾਮਲੇ ਵਿਚ ਅਮਰੀਕਾ ਦੇ ਰਾਜਦੂਤ ਨੂੰ ਸੰਮਨ ਜਾਰੀ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਉਹ ਕੈਨੇਡਾ ਤੋਂ ਮੇਂਗ ਦੀ ਹਵਾਲਗੀ ਦੀ ਮੰਗ ਨੂੰ ਖਾਰਜ ਕਰ ਦੇਵੇ। ਦੱਸਣਯੋਗ ਹੈ ਕਿ ਚੀਨ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਰਾਜਦੂਤ ਜੌਨ ਮੈਕੁੱਲਮ ਨੂੰ ਤਲਬ ਕੀਤਾ ਸੀ ਅਤੇ ਮੇਂਗ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਸੀ। 
ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਪ ਵਿਦੇਸ਼ ਮੰਤਰੀ ਲੀ ਯੁਚੇਂਗ ਨੇ ਕਿਹਾ ਹੈ ਕਿ ਅਮਰੀਕਾ ਨੇ ਚੀਨੀ ਨਾਗਰਿਕਾਂ ਦੇ ਜਾਇਜ਼ ਅਧਿਕਾਰਾਂ ਅਤੇ ਹਿਤਾਂ ਦੀ ਗੰਭੀਰ ਤੌਰ 'ਤੇ ਉਲੰਘਣਾ ਕੀਤੀ ਹੈ। ਚੀਨੀ ਧਿਰ ਇਸ ਦਾ ਕੜਾ ਵਿਰੋਧ ਕਰਦੀ ਹੈ।
ਸੀਐਫਓ ਮੇਂਗ 'ਤੇ ਹੁਵਾਵੇ ਨੂੰ ਸਬਸਿਡੀਅਰੀ ਸਕਾਈਕਾਮ ਦਾ ਈਰਾਨ ਵਿਚ ਬਿਜ਼ਨਸ ਸ਼ੁਰੂ ਕਰਨ ਦੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਵਾਵੇ ਦੇ ਸੰਸਥਾਪਕ ਨੂੰ ਚੀਨ ਦੀ ਕਮਿਊਨਿਸਟ ਸਰਕਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਅਮਰੀਕਾ ਕਾਫੀ ਸਮੇਂ ਤੋਂ ਹੁਵਾਵੇ ਨੂੰ ਰਾਸ਼ਟਰੀ ਸੁਰੱਖਿਆ ਦੇ ਲਈ ਖ਼ਤਰਾ ਮੰਨਦਾ ਆਇਆ ਹੈ। ਅਮਰੀਕਾ ਨੇ ਈਰਾਨ 'ਤੇ ਪਾਬੰਦੀਆਂ ਦੀ ਉਲੰਘਣਾ ਕਰਨ ਨੂੰ ਲੈ ਕੇ ਹੁਵਾਵੇ ਨੂੰ ਕਥਿਤ ਤੌਰ 'ਤੇ ਕਈ ਵਾਰ ਆਗਾਹ ਕੀਤਾ ਸੀ। 
ਹਾਲਾਂਕਿ ਅਮਰੀਕੀ ਰਾਜਦੂਤ ਦੇ ਬੁਲਾਰੇ ਨੇ ਫਿਲਹਾਲ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਮੇਂਗ ਨੂੰ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਨੇ ਟਰੇਡ ਵਾਰਡ ਨੂੰ ਰੋਕਣ 'ਤੇ ਸਹਿਮਤੀ ਜਤਾਈ ਸੀ ਅਤੇ ਸਮਝੌਤੇ ਦੇ ਲਈ 3 ਮਹੀਨੇ ਦਾ ਸਮਾਂ ਦਿੱਤਾ ਸੀ। 

ਹੋਰ ਖਬਰਾਂ »

ਅੰਤਰਰਾਸ਼ਟਰੀ