ਅਮਲੋਹ, 31 ਦਸੰਬਰ, (ਹ.ਬ.) : ਪੰਚਾਇਤ ਚੋਣਾਂ ਦੌਰਾਨ ਨਾ ਸਿਰਫ ਬਜ਼ੁਰਗਾਂ ਅਤੇ ਮਹਿਲਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਬਲਕਿ ਨੌਜਵਾਨਾਂ ਦਾ ਯੋਗਦਾਨ ਵੀ ਬੇਹੱਦ ਰਿਹਾ। ਨੌਜਵਾਨਾਂ ਵਿਚ ਚੋਣਾਂ ਨੂੰ ਲੈ ਕੇ ਉਤਸ਼ਾਹ ਇਸੇ ਗੱਲ ਤੋਂ ਪਤਾ ਚਲਦਾ ਹੈ ਕਿ ਕਈ ਇਲਾਕਿਆਂ ਵਿਚ ਮੁੰਡੇ-ਕੁੜੀਆਂ ਵਿਆਹ ਦੇ ਜੋੜਿਆਂ ਵਿਚ ਪੋਲਿੰਗ ਬੂਥ 'ਤੇ ਪੁੱਜੇ।  ਬਲਾਕ ਅਮਲੋਹ ਦੇ ਪਿੰਡ ਝੰਬਾਲਾ ਦੀ ਰਹਿਣ ਵਾਲੀ ਨਿਸ਼ਾਮ ਕੌਰ ਦੀ  ਦੁਲਹਨ ਦੇ ਪਹਿਰਾਵੇ ਵਿਚ ਵੋਟ ਪਾਉਣ ਦੀ ਫ਼ੋਟੋ ਸੋਸ਼ਲ ਮੀਡੀਆ ਵਿਚ ਵਾਇਰਲ ਹੋਣ 'ਤੇ ਮੁੱਖ ਮੰਤਰੀ ਨੇ ਉਸ ਦੀ ਫ਼ੋਟੋ ਦੇ ਨਾਲ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਗੱਲ ਨਾਲ ਬਹੁਤ ਖੁਸ਼ ਹਾਂ ਕਿ ਨਵਵਿਆਹੁਤਾ ਲੜਕੀ ਨੇ ਗ੍ਰਾਮ ਪੰਚਾਇਤ ਚੋਣ ਵਿਚ ਵੋਟ ਪਾਈ, ਮੈਨੂੰ ਇਹ ਉਮੀਦ ਹੈ ਕਿ ਇਸ ਲੜਕੀ ਨਾਲ ਅੱਜ ਦੇ ਨੌਜਵਾਨ ਉਤਸ਼ਾਹਤ ਹੋਣਗੇ ਅਤੇ ਦੇਸ਼ ਦੀ ਲੋਕਤੰਤਰ ਪ੍ਰਕਿਰਿਆ ਅਤੇ ਰਾਸ਼ਟਰ Îਨਿਰਮਾਣ ਦਾ Îਇੱਕ ਅਟੁੱਟ ਹਿੱਸਾ ਬਣਨਗੇ। ਦੱਸ ਦੇਈਏ ਕਿ ਨਿਸ਼ਾਮ ਕੌਰ ਦਾ ਵਿਆਹ ਲੁਧਿਆਣਾ ਵਿਚ ਹੋਇਆ ਹੈ। ਵਿਆਹ ਤੋਂ ਪਹਿਲਾਂ ਵੋਟ ਪਾਉਣ ਵਾਲੀ ਨਿਸ਼ਾਮ ਕੌਰ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਅਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸਾਡੇ ਲੋਕਤੰਤਰ ਦਾ ਹਿੱਸਾ ਹੈ।  ਇਸ ਤਰ੍ਹਾਂ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਵਿਚ ਅਪਣਾ ਵਿਆਹ ਕਰਾਉਣ ਤੋਂ ਪਹਿਲਾਂ ਜਸਕਰਣ ਸਿੰਘ ਵੋਟ ਪਾਉਣ ਲਈ ਪੁੱਜਿਆ। ਅਬੋਹਰ ਉਪ ਮੰਡਲ ਦੇ ਪਿੰਡ ਪੱਟੀ ਬਿਲਾ ਵਿਚ ਲਾੜਾ ਪੁਨੀਤ ਸ਼ਰਮਾ ਵਿਆਹ ਤੋਂ ਪਹਿਲਾਂ ਅਪਣੀ ਵੋਟ ਪਾਉਣ ਲਈ ਮਤਦਾਨ ਕੇਂਦਰ  ਵਿਚ ਪੁੱਜੇ।

ਹੋਰ ਖਬਰਾਂ »