ਭਦੌੜ, 2 ਜਨਵਰੀ, (ਹ.ਬ.) : ਭਦੌੜ ਦੇ ਕੋਲ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਚ ਪ੍ਰੇਮ ਸਬੰਧਾਂ ਦੇ ਚਲਦਿਆਂ ਪਤਨੀ ਨੇ ਪ੍ਰੇਮੀ ਅਤੇ ਭੈਣ ਦੇ ਨਾਲ ਮਿਲ ਕੇ ਅਪਣੇ ਪਤੀ ਦੀ ਜ਼ਹਿਰੀਲੀ ਦਵਾਈ ਪਿਲਾ ਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਭਦੌੜ ਵਿਚ ਤਿੰਨ ਲੋਕਾਂ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਹੈ। ਮ੍ਰਿਤਕ ਅਮਰਜੀਤ ਸਿੰਘ ਗੋਗੀ ਦੇ ਭਰਾ ਅਮ੍ਰਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਗੋਗੀ ਦੇ ਘਰ ਤੋਂ ਚਾਚਾ ਦੇ ਬੇਟੇ ਬਲਵੰਤ ਸਿੰਘ ਦਾ ਫੋਨ ਆਇਆ ਕਿ ਉਸ ਦਾ ਭਰਾ ਰਾਤ ਨੂੰ ਸੁੱਤਾ ਉਠਿਆ ਨਹੀਂ ਕੁਝ  ਗੜਬੜ ਹੈ। ਸੂਚਨਾ ਮਿਲਣ 'ਤੇ ਉਹ ਤੁਰੰਤ ਅਪਣੇ ਭਰਾ ਦੇ ਘਰ ਪਹੁੰਚਿਆ ਤਾਂ ਉਸ ਦੇ ਭਰਾ ਅਮਰਜੀਤ ਗੋਗੀ ਦੀ ਮੌਤ ਹੋ ਚੁੱਕੀ ਸੀ ਉਸ ਦੇ ਮੂੰਹ ਤੋਂ ਝੱਗ ਨਿਕਲੀ ਹੋਈ ਸੀ ਅਤੇ ਗਲ਼ 'ਤੇ ਉਂਗਲੀਆਂ ਦੇ ਨਿਸ਼ਾਨ ਸਨ। ਸ਼ੱਕ ਜ਼ਾਹਰ ਹੋਣ 'ਤੇ ਥਾਣਾ ਭਦੌੜ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਮਰਜੀਤ ਗੋਗੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਪਸਤਾਲ ਬਰਨਾਲਾ ਭੇਜ ਦਿੱਤੀ। ਥਾਣਾ ਭਦੌੜ ਦੇ ਐਸਐਚਓ ਗੌਰਵਵੰਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਗੋਗੀ ਦਾ ਕਰੀਬ ਦਸ ਸਾਲ ਪਹਿਲਾਂ ਮਨਪ੍ਰੀਤ ਕੌਰ ਉਰਫ ਹੈਪੀ Îਨਿਵਾਸੀ ਸੇਲਬਰਾਹ (ਬਠਿੰਡਾ) ਦੇ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ 8 ਸਾਲ ਦਾ ਲੜਕਾ ਵੀ ਹੈ। ਪਿਛਲੇ ਕੁਝ ਸਮੇਂ ਤੋਂ ਮਨਪ੍ਰੀਤ ਕੌਰ ਦੇ ਪਿੰਡ ਦੇ ਹੀ ਇੱਕ ਵਿਅਕਤੀ ਰਾਜਪਾਲ ਕੁਮਾਰ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਦੇ ਬਾਰੇ ਵਿਚ ਮਨਪ੍ਰੀਤ ਦੇ ਪਤੀ ਗੋਗੀ ਨੂੰ ਕੁਝ ਸਮੇਂ ਪਹਿਲਾਂ ਹੀ ਪਤਾ ਚਲਿਆ ਸੀ ਕਿ ਉਸ ਦੀ ਇਸੇ ਕਾਰਨ ਮਨਪ੍ਰੀਤ ਦੇ ਨਾਲ ਲੜਾਈ ਵੀ ਹੁੰਦੀ ਰਹਿੰਦੀ ਸੀ। ਮਨਪ੍ਰੀਤ ਅਤੇ ਰਾਜਪਾਲ ਦੇ ਪ੍ਰੇਮ ਸਬੰਧਾਂ ਨੂੰ ਮਨਪ੍ਰੀਤ ਦੀ ਭੈਣ ਕੁਲਵਿੰਦਰ ਕੌਰ ਪੂਰੀ ਸ਼ਹਿ ਦਿੰਦੀ ਸੀ ਅਤੇ ਤਿੰਨੋਂ ਹੀ ਮਨਪ੍ਰੀਤ ਦੇ ਪਤੀ ਅਮਰਜੀਤ ਗੋਗੀ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਬਣਾਉਣ ਲੱਗੇ। ਸੋਮਵਾਰ ਦੀ ਰਾਤ ਨੂੰ ਵੀ ਅਮਰਜੀਤ ਗੋਗੀ ਦਾ ਅਪਣੀ ਪਤਨੀ ਦੇ ਨਾਲ ਝਗੜਾ ਹੋਇਆ ਸੀ ਅਤੇ ਰਾਤ ਨੂੰ ਦੋਸ਼ੀਆਂ ਨੇ ਅਮਰਜੀਤ ਗੋਗੀ ਨੂੰ ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ।  ਪੁਲਿਸ ਨੇ ਮ੍ਰਿਤਕ  ਦੇ ਭਰਾ ਅਮ੍ਰਤਪਾਲ ਸਿੰਘ ਦੇ ਬਿਆਨ ਦੇ ਆਧਾਰ 'ਤੇ ਅਮਰਜੀਤ ਗੋਗੀ ਦੀ ਪਤਨੀ ਮਨਪ੍ਰੀਤ ਕੌਰ ਉਰਫ ਹੈਪੀ, ਉਸ ਦੇ ਪ੍ਰੇਮੀ ਰਾਜਪਾਲ ਕੁਮਾਰ ਅਤੇ ਮਨਪ੍ਰੀਤ ਦੀ ਭੈਣ ਕੁਲਵਿੰਦਰ ਕੌਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। 

ਹੋਰ ਖਬਰਾਂ »