ਸ੍ਰੀਨਗਰ, 5 ਜਨਵਰੀ, ਹ.ਬ.  : ਦੱਖਣੀ ਕਸ਼ਮੀਰ 'ਚ ਤਰਾਲ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਇਕ ਸਰਪੰਚ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਿਲਹਾਲ, ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਸੂਬੇ 'ਚ ਪੰਚਾਇਤ ਚੋਣ ਨੇਪਰੇ ਚੜ੍ਹਨ ਤੋਂ ਬਾਅਦ ਕਿਸੇ ਪੰਚਾਇਤੀ ਨੁਮਾਇੰਦੇ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਪਹਿਲੀ ਘਟਨਾ ਹੈ। ਜਾਣਕਾਰੀ ਮੁਤਾਬਕ ਦੁਪਹਿਰ ਨੂੰ ਜ਼ਿਲ੍ਹਾ ਪੁਲਵਾਮਾ 'ਚ ਤਰਾਲ ਨਾਲ ਲੱਗਦੇ ਖਾਸੀਪੋਰਾ 'ਚ ਅੱਤਵਾਦੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਨਾਨਕ ਸਿੰਘ 'ਤੇ ਨੇੜਿਓਂ ਗੋਲੀਆਂ ਚਲਾਈਆਂ ਹਨ। ਇਸ ਤੋਂ ਬਾਅਦ ਅੱਤਵਾਦੀ ਉੱਥੋਂ ਭੱਜ ਨਿਕਲੇ। ਅੱਤਵਾਦੀਆਂ ਦੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖ਼ਮੀ ਸਿਮਰਨਜੀਤ ਸਿੰਘ ਨੂੰ ਇਲਾਜ ਲਈ ਐੱਸਐੱਮਐੱਚਐੱਸ ਹਸਪਤਾਲ ਸ੍ਰੀਨਗਰ ਪਹੁੰਚਾਇਆ। ਡਾਕਟਰਾਂ ਮੁਤਾਬਕ ਸਿਮਰਨਜੀਤ ਸਿੰਘ ਦੀ ਖੱਬੀ ਬਾਂਹ ਤੇ ਛਾਤੀ 'ਚ ਗੋਲੀਆਂ ਲੱਗੀਆਂ ਸਨ ਜਿਸ ਕਾਰਨ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਸਿਮਰਨਜੀਤ ਦਾ ਵੱਡਾ ਭਰਾ ਰਾਜੇਂਦਰ ਸਿੰਘ ਖਾਸੀਪੋਰਾ ਦਾ ਸਰਪੰਚ ਹੈ। ਰਾਜੇਂਦਰ ਸਿੰਘ ਪਹਿਲਾਂ ਕਾਂਗਰਸ ਨਾਲ ਜੁੜਿਆ ਹੋਇਆ ਸੀ ਪਰ ਬਾਅਦ 'ਚ ਉਹ ਕਾਂਗਰਸ ਤੋਂ ਵੱਖ ਹੋ ਗਿਆ ਸੀ ਪੰਚਾਇਤ ਚੋਣ ਪ੍ਰਕਿਰਿਆ ਦੌਰਾਨ ਵੀ ਅੱਤਵਾਦੀਆਂ ਨੇ ਦੋ ਵਾਰ ਰਾਜੇਂਦਰ ਸਿੰਘ ਦੇ ਘਰ 'ਤੇ ਹਮਲਾ ਕੀਤਾ ਸੀ। ਇਸੇ ਦੌਰਾਨ ਖਾਸੀਪੋਰਾ 'ਚ ਸਰਪੰਚ ਦੇ ਭਰਾ ਦੀ ਹੱਤਿਆ ਦੇ ਫੌਰੀ ਬਾਅਦ ਪੁਲਿਸ ਨੇ ਫੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਦਿਆਂ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾਈ, ਜਿਹੜੀ ਦੇਰ ਸ਼ਾਮ ਤੱਕ ਜਾਰੀ ਰਹੀ।

ਹੋਰ ਖਬਰਾਂ »