ਸੰਗਰੂਰ, 7 ਜਨਵਰੀ, (ਹ.ਬ.) : ਸ਼ੇਰਪੁਰ ਲਾਗੇ ਪਿੰਡ ਟਿੱਬਾ ਵਿਚ ਡਰੇਨ ਤੋਂ ਮਿਲੀ ਅਣਪਛਾਤੀ ਲਾਸ਼ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਉਕਤ ਵਿਅਕਤੀ ਦੀ ਪਛਾਣ ਹੋਣ  ਮਗਰੋਂ ਮ੍ਰਿਤਕ ਦੇ ਪਿਤਾ ਨੇ ਅਪਣੀ ਹੀ ਨੂੰਹ ਤੇ ਉਸ ਦੇ ਪ੍ਰੇਮੀ 'ਤੇ ਅਪਣੇ ਪੁੱਤਰ ਦੇ ਕਤਲ ਦਾ ਦੋਸ਼ ਲਾਇਆ।  ਪੁਲਿਸ ਨੇ ਮ੍ਰਿਤਕ ਦੀ ਵਿਧਵਾ ਤੇ ਉਸ ਦੇ ਪ੍ਰੇਮੀ ਸਮੇਤ 4 ਜਣਿਆਂ 'ਤੇ ਮਾਮਲਾ ਦਰਜ ਕਰਕੇ ਕਤਲ ਮਾਮਲੇ ਵਿਚ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਘਰ ਵਾਲੀ ਤੇ ਉਸ ਦੇ ਪ੍ਰੇਮੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ  ਨੇ ਦੋ ਦਿਨ ਦਾ ਰਿਮਾਂਡ ਲਿਆ। ਕਾਤਲਾਂ ਨੇ ਗੁਨਾਹ ਕਬੂਲ ਕਰ ਲਿਆ ਹੈ। 
ਲੀਲਾ ਸਿੰਘ ਵਾਸੀ ਨਾਰੀਕੇ ਥਾਣਾ ਅਮਰਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਕੁਲਦੀਪ ਸਿੰਘ ਦਾ ਵਿਆਹ ਤਕਰੀਬਨ ਸਤਾਰਾਂ ਸਾਲ ਪਹਿਲਾਂ ਮਨਦੀਪ ਕੌਰ ਨਾਲ ਹੋਇਆ ਸੀ। ਕੁਲਦੀਪ ਕੰਬਾਈਨ 'ਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਲੰਘੇ ਕਰੀਬ ਦਸਾਂ ਸਾਲਾਂ ਤੋਂ ਹਰਬੰਸ ਸਿੰਘ ਦਾ ਕੁਲਦੀਪ ਕੋਲ ਆਉਣਾ ਜਾਣਾ ਸੀ। ਇਸ ਦੌਰਾਨ ਹਰਬੰਸ ਸਿੰਘ ਤੇ ਕੁਲਦੀਪ ਦੀ ਪਤਨੀ ਵਿਚਾਲੇ ਸਬੰਧ ਬਣ ਗਏ। ਇਸ ਦੀ ਭਿਣਕ ਕੁਲਦੀਪ ਨੂੰ ਲੱਗ ਚੁੱਕੀ ਸੀ, ਉਸ ਨੂੰ ਕਈ ਵਾਰ ਮਨਦੀਪ ਨੇ ਰੋਕਿਆ ਪਰ ਉਸ ਨਾ ਉਸ ਦੀ ਪਤਨੀ ਤੇ ਨਾ ਉਸ ਦੇ ਦੋਸਤ ਨੇ ਕੋਈ ਗੱਲ ਮੰਨੀ। ਇਸ ਕਾਰਨ ਕੁਲਦੀਪ ਤੇ ਪਤਨੀ ਮਨਦੀਪ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ।  ਕੁਲਦੀਪ ਨੂੰ ਸਬੰਧਾਂ ਵਿਚ ਰੋੜਾ ਬਣਦੇ ਦੇਖ ਕੇ ਮਨਦੀਪ ਨੇ ਹਰਬੰਸ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਠਾਣ ਲਈ। ਦੋ ਜਨਵਰੀ ਦੀ ਰਾਤ ਨੂੰ ਮਨਦੀਪ, ਹਰਬੰਸ, ਹਰਪ੍ਰੀਤ ਤੇ ਕਾਲਾ ਵਾਸੀ ਕਰਮਗੜ੍ਹ ਨਾਲ ਰਲ ਕੇ ਕੁਲਦੀਪ ਨੂੰ ਕਤਲ ਕਰਕੇ ਲਾਸ਼ ਟਿੱਬਾ ਪਿੰਡ ਦੀ ਡਰੇਨ ਵਿਚ ਸੁੱਟ ਦਿੱਤੀ।

ਹੋਰ ਖਬਰਾਂ »