ਸੰਗਰੂਰ, 11 ਜਨਵਰੀ, (ਹ.ਬ.) : ਵਰਕ ਵੀਜ਼ੇ ਦੀ ਥਾਂ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਭੇਜੇ ਗਏ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਨੂੰ ਮਲੇਸ਼ੀਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਦੇ ਭਰਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਭਰਾ ਸਮੇਤ ਕੁੱਲ 30 ਭਾਰਤੀਆਂ ਨੂੰ ਇਕੱਠੇ ਫੜ ਕੇ ਜੇਲ੍ਹ ਭੇਜਿਆ ਗਿਆ ਹੈ। ਸਾਰੇ ਨੌਜਵਾਨ ਏਜੰਟਾਂ ਦੀ ਹੇਰਾਫੇਰੀ ਦਾ ਸ਼ਿਕਾਰ ਹੋਏ ਹਨ। ਪੀੜਤ ਪਰਿਵਾਰ ਨੇ ਸਾਂਸਦ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਸਾਰੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਅਪੀਲ  ਕੀਤੀ। ਫਤਹਿਗੜ੍ਹ ਸਾਹਿਬ ਦੇ ਪਿੰਡ ਸ਼ੇਰਗੜ੍ਹ ਦੇ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ। ਵੱਡੇ ਭਰਾ ਗੁਰਦਾਸ ਸਿੰਘ ਨੇ 12ਵੀਂ ਜਮਾਤ ਤੋਂ ਬਾਅਦ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਸੀ। ਭਰਾ ਨੂੰ ਰੋਜ਼ਗਾਰ ਨਹੀਂ ਮਿਲਿਆ ਤਾਂ ਇੱਕ ਏਜੰਟ ਨੇ ਵਰਕ ਪਰਮਿਟ 'ਤੇ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ  1.20 ਲੱਖ ਲੈ ਲਏ। ਏਜੰਟ ਨੇ ਜਨਵਰੀ 2018  ਵਿਚ ਭਰਾ ਨੂੰ ਮਲੇਸ਼ੀਆ ਭੇਜ ਦਿੱਤਾ ਲੇਕਿਨ ਉਥੇ ਭਰਾ ਨੂੰ  ਵਰਕ ਪਰਮਿਟ ਨਹੀਂ ਮਿਲਿਆ। ਏਜੰਟ ਤੋਂ ਪੁਛਿਆ ਤਾਂ ਗੁੰਮਰਾਹ ਕਰਦਾ ਰਿਹਾ। ਇੱਕ ਹਫ਼ਤਾ ਪਹਿਲਾਂ ਭਰਾ ਅਪਣੇ 29 ਹੋਰ ਭਾਰਤੀਆਂ ਦੇ ਨਾਲ ਇੱਕ ਬਸ ਵਿਚ ਫੈਕਟਰੀ ਤੋਂ ਪਰਤ ਰਿਹਾ ਸੀ ਤਾਂ ਮਲੇਸ਼ੀਆ ਪੁਲਿਸ ਨੇ ਸਾਰਿਆਂ ਨੂੰ ਗੈਰ ਕਾਨੂੰਨੀ ਤੌਰ 'ਤੇ ਰਹਿਣ ਦੇ ਦੋਸ਼ ਵਿਚ ਫੜ ਲਿਆ। ਭਰਾ ਮਸੇਤ ਸਾਰੇ 30 ਭਾਰਤੀਆਂ ਨੂੰ ਕੁਆਲਾਲੰਪੁਰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਭਰਾ ਨਾਲ ਕੋਈ ਗੱਲ ਨਹੀਂ ਹੋ ਰਹੀ ਹੈ। 
ਗੁਰਭੇਜ ਨੇ ਦੱਸਿਆ ਕਿ ਏਜੰਟ ਨੇ ਭਰਾ ਸਮੇਤ 5 ਨੌਜਵਾਨਾਂ ਨੂੰ ਮਲੇਸ਼ੀਆ ਭੇਜਿਆ ਸੀ। ਦੋ ਨੌਜਵਾਨ ਉਨ੍ਹਾਂ ਦੇ ਪਿੰਡ ਤੋਂ ਅਤੇ ਬਾਕੀ ਦੋ ਨੌਜਵਾਨ ਪੰਜਾਬ ਦੇ ਦੂਜੇ ਖੇਤਰਾਂ ਤੋਂ ਹਨ। ਇਨ੍ਹਾਂ ਚਾਰਾਂ ਨੌਜਵਾਨਾਂ ਨਾਲ ਗੱਲ ਹੋ ਰਹੀ ਹੈ। ਉਹ ਵੀ ਦੱਸ ਰਹੇ ਹਨ ਕਿ ਏਜੰਟ ਨੇ ਉਨ੍ਹਾਂ ਸਹੀ ਢੰਗ ਨਾਲ ਮਲੇਸ਼ੀਆ ਨਹੀਂ ਭੇਜਿਆ ਹੈ। ਉਹ ਲੁਕ ਕੇ ਉਥੇ ਰਹਿ ਰਹੇ ਹਨ। 
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਪਤਾ ਲਗਾਉਣ ਦੇ ਲਈ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਮਲੇਸ਼ੀਆ ਸੰਪਰਕ ਕਰਨਗੇ। ਛੇਤੀ ਨੌਜਵਾਨਾਂ ਨਾਲ ਗੱਲ ਕਰਕੇ ਉਥੇ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਸਾਰੇ ਨੌਜਵਾਨਾਂ ਨੂੰ ਭਾਰਤ ਲਿਆਇਆ ਜਾਵੇਗਾ।

ਹੋਰ ਖਬਰਾਂ »

ਅੰਤਰਰਾਸ਼ਟਰੀ