ਜਗਰਾਓਂ, 11 ਜਨਵਰੀ, (ਹ.ਬ.) : ਗੁਜਰਵਾਲ ਦੀ Îਇੱਕ ਔਰਤ ਨੇ ਅਪਣੇ ਪਤੀ ਕੋਲੋਂ ਘਰ ਦੇ ਖ਼ਰਚੇ ਲਈ ਪੈਸੇ ਮੰਗੇ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ ਨੱਕ ਵੱਢ ਦਿੱਤਾ। ਮੁੜ ਪੈਸੇ ਮੰਗਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਔਰਤ ਨੂੰ ਜ਼ਖਮੀ ਹਾਲਤ ਵਿਚ ਛੱਡ ਕੇ ਪਤੀ ਫਰਾਰ ਹੋ ਗਿਆ।  ਜਿਵੇਂ ਕਿਵੇਂ ਬੱਚਿਆਂ ਨੇ ਮਾਂ ਨੂੰ ਹਸਤਪਾਲ ਪਹੁੰਚਾਇਆ ਅਤੇ ਉਸ ਦਾ ਇਲਾਜ ਚਲ ਰਿਹਾ ਹੈ। ਮਹਿਲਾ ਨੇ ਪਤੀ ਤਲਵਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਾਇਆ ਹੈ।  ਮੁਲਜ਼ਮ ਦੁਬਈ ਗਿਆ ਹੋਇਆ ਸੀ ਜੋ ਕਿ ਬੀਤੇ ਸਾਲ ਹੀ ਵਾਪਸ ਆਇਆ ਹੈ। ਥਾਣਾ ਜੋਧਾ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਜਰਵਾਲ ਦੀ ਮਹਿਲਾ ਨੇ ਬਿਆਨ ਦਿੱਤਾ ਕਿ ਉਸ ਦਾ 2002 ਵਿਚ ਫਰਨੀਚਰ ਦਾ ਕੰਮ ਕਰਨ ਵਾਲੇ ਤਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। 2017 ਵਿਚ ਉਹ ਦੁਬਈ ਗਿਆ। ਉਸ ਦੀ ਸੱਸ ਬਿਮਾਰ ਰਹਿੰਦੀ ਸੀ। ਪਤੀ ਦੇ ਜਾਣ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਸ ਦੇ ਪਤੀ ਨੇ ਦੋਸ਼ ਲਗਾਏ ਕਿ ਉਸ ਦੀ ਮਾਂ ਦੀ ਦੇਖਭਾਲ ਸਹੀ ਤਰ੍ਹਾਂ ਨਾ ਕਰਨ ਕਰਕੇ ਉਸ ਦੀ ਮੌਤ ਹੋਈ ਹੈ। ਉਹ ਸਸਕਾਰ 'ਤੇ ਨਹੀਂ ਆਇਆ। ਲੇਕਿਨ 2018 ਵਿਚ ਪਰਤਿਆ ਤਾਂ ਉਸ ਨੇ ਮਾਂ ਦੀ ਮੌਤ ਲਈ ਉਸ ਨੂੰ ਕਸੂਰਵਾਰ ਦੱਸਦੇ ਹੋਏ ਪ੍ਰੇਸ਼ਾਨ ਕਰਨ ਲੱਗਾ। ਉਸ ਦੀ ਇੱਕ ਧੀ ਅਤੇ ਦੋ ਬੇਟੇ ਹਨ। ਲੇਕਿਨ ਪਤੀ ਉਸ ਨੂੰ ਖ਼ਰਚੇ ਲਈ ਪੈਸੇ ਨਹੀਂ ਦਿੰਦਾ ਸੀ।  ਪੈਸੇ ਮੰਗਣ 'ਤੇ ਝਗੜਾ ਕਰਦਾ ਸੀ। ਹੁਣ ਜਦੋਂ ਉਸ ਨੇ ਖ਼ਰਚੇ ਲਈ ਪੈਸੇ ਮੰਗੇ ਤਾਂ ਤੇਜ਼ਧਾਰ ਹਥਿਆਰ  ਚੁੱਕ ਕੇ ਨੱਕ ਵੱਢ ਦਿੱਤਾ। ਪੁਲਿਸ ਨੇ ਤਲਵਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਮਲੇ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। 

ਹੋਰ ਖਬਰਾਂ »