ਨਿਊਯਾਰਕ, 11 ਜਨਵਰੀ, (ਹ.ਬ.) : ਫਰਜ਼ੀ ਖ਼ਬਰਾਂ ਯਾਨੀ ਝੂਠੀਆਂ ਖ਼ਬਰਾਂ ਅੱਜਕਲ੍ਹ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀਆਂ ਹਨ। ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ 'ਤੇ ਮੈਸੇਜਿੰਗ ਐਪ 'ਤੇ ਫੇਕ ਨਿਊਜ਼ ਸ਼ੇਅਰ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਰ ਪਾਸੇ ਸ਼ੇਅਰ ਹੁੰਦੀਆਂ  ਅਜਿਹੀਆਂ ਝੂਠੀਆਂ ਖ਼ਬਰਾਂ ਨੂੰ ਵੇਖ ਕੇ  ਅਕਸਰ ਮਨ ਵਿਚ ਸਵਾਲ ਉਠਦਾ ਹੈ ਕਿ ਇਨ੍ਹਾਂ ਨੂੰ ਸ਼ੇਅਰ ਕਰਨ ਤੇ ਇਨ੍ਹਾਂ ਦੇ ਝਾਂਸੇ ਵਿਚ ਆਉਣ ਵਾਲੇ ਕੌਣ ਲੋਕ ਹੁੰਦੇ ਹਨ। ਅਮਰੀਕਾ ਵਿਚ ਕੀਤੇ ਗਏ ਇੱਕ ਅਧਿਐਨ ਵਿਚ ਇਸ ਦਾ ਜਵਾਬ ਮਿਲਿਆ ਹੈ। ਇਸ ਦੇ ਮੁਤਾਬਕ, ਨੌਜਵਾਨਾਂ ਦੀ ਤੁਲਨਾ ਵਿਚ ਬਜ਼ੁਰਗ ਲੋਕ ਇਨ੍ਹਾਂ ਖ਼ਬਰਾਂ ਦੇ ਝਾਂਸੇ ਵਿਚ ਆ ਕੇ ਇਨ੍ਹਾਂ ਨੂੰ ਜ਼ਿਆਦਾ ਸ਼ੇਅਰ ਕਰਦੇ ਹਨ।
ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਤੇ ਪ੍ਰਿੰਸਟਨ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਅਧਿਐਨ ਨੂੰ ਅੰਜਾਮ ਦਿੱਤਾ। ਅਧਿਐਨ ਵਿਚ ਪਾਇਆ ਗਿਆ ਕਿ ਅਮਰੀਕਾ ਵਿਚ 2016 ਵਿਚ ਹੋਈ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ 8.5 ਫ਼ੀਸਦੀ ਅਮਰੀਕੀ ਨਾਗਰਿਕਾਂ ਨੇ ਫੇਸਬੁੱਕ 'ਤੇ ਫੇਕ ਨਿਊਜ਼ ਦੇ ਲਿੰਕ ਸ਼ੇਅਰ ਕੀਤੇ ਸਨ। ਹਾਲਾਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਸ਼ੇਅਰ ਕਰਨ ਵਾਲਿਆਂ ਵਿਚ ਉਮਰ ਦਾ ਵੱਡਾ ਫਰਕ ਵੇਖਣ ਨੂੰ ਮਿਲਿਆ। ਅਧਿਐਨ ਵਿਚ ਸਭ ਤੋਂ ਅਹਿਮ ਗੱਲ ਇਹ ਨਿਕਲ ਕੇ ਆਈ ਕਿ ਫੇਕ ਨਿਊਜ਼ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੂੰ ਸਾਂਝਾ ਕਰਨ ਵਾਲਿਆਂ 'ਤੇ ਕਿਸੇ ਵਿਚਾਰਧਾਰਾ ਵਲੋਂ ਝੁਕਾਅ ਜਿਹੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਉਮਰ ਤੋਂ ਇਲਾਵਾ  ਉਨ੍ਹਾਂ ਵਿਚ ਅਜਿਹਾ ਕੋਈ ਕਾਰਨ ਨਹੀਂ ਮਿਲਿਆ ਜਿਸ ਦੇ ਆਧਾਰ 'ਤੇ ਵਰਗੀਕਰਨ ਕਰਨਾ ਸੰਭਵ ਹੋਵੇ।
ਸ਼ੋਧਕਰਤਾਵਾਂ ਮੁਤਾਬਕ ਅਧਿਐਨ ਦੇ ਨਤੀਜੇ ਅਹਿਮ ਹਨ। ਇਹ ਸਮਝਣਾ ਬਹੁਤ ਅਹਿਮ ਹੈ ਕਿ ਬਜ਼ੁਰਗ ਲੋਕ ਫੇਕ ਨਿਊਜ਼ ਦੇ ਝਾਂਸੇ ਵਿਚ ਜ਼ਿਆਦਾ ਆਉਂਦੇ ਹਨ। ਨਤੀਜੇ ਤੋਂ ਸਪਸ਼ਟ ਹੈ ਕਿ ਡਿਜ਼ੀਟਲ ਤੌਰ 'ਤੇ ਘੱਟ ਸਾਖਰ ਹੋਣਾ ਅਜਿਹੀਆਂ ਖ਼ਬਰਾਂ ਦੇ ਝਾਂਸੇ ਵਿਚ ਆਉਣ ਦਾ ਵੱਡਾ ਕਾਰਨ ਹੈ। 
ਅਧਿਐਨ ਮੁਤਾਬਕ ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਡੈਮੋਕਰੇਟਸ ਦੇ ਮੁਕਾਬਲੇ ਵਿਚ ਜ਼ਿਆਦਾ ਫੇਕ ਨਿਊਜ਼ ਸਾਂਝੀਆਂ ਕੀਤੀਆਂ। ਹਾਲਾਂਕਿ ਅਧਿਐਨਕਰਤਾ ਇਸ ਨੂੰ ਨਤੀਜਾ ਨਹੀਂ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਰਿਪਬਲਿਕਨ ਉਮੀਦਵਾਰ ਟਰੰਪ ਦੇ ਪੱਖ ਵਿਚ ਹੋਰ ਡੈਮੋਕਰੇਟ ਹਿਲੇਰੀ ਕਲਿੰਟਨ ਦੇ ਵਿਰੋਧ ਵਿਚ ਹਵਾ ਚਲ ਰਹੀ ਸੀ।  ਅਜਿਹੇ ਵਿਚ ਸੁਭਾਵਕ ਤੌਰ 'ਤੇ ਇਸ ਤਰ੍ਹਾਂ ਦੀ ਫੇਕ ਨਿਊਜ਼ ਨੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਤ ਕੀਤਾ ਤੇ ਰਿਪਬਲਿਕਨ ਸਮਰਥਕ ਜ਼ਿਆਦਾ ਝਾਂਸੇ ਵਿਚ ਆਏ।

ਹੋਰ ਖਬਰਾਂ »

ਅੰਤਰਰਾਸ਼ਟਰੀ