ਅੱਜ ਸ਼ੁੱਕਰਵਾਰ ਦਾ ਦਿਨ ਹੈ ਤੇ ਰਿਲੀਜ਼ ਹੋਈ ਹੈ ਬਾਲੀਵੁੱਡ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ'। ਇਹ ਫ਼ਿਲਮ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜ ਕਾਲ ਦੌਰਾਨ ਉਨ•ਾਂ ਨਾਲ ਕੰਮ ਕਰ ਚੁੱਕੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਇਸੇ ਨਾਂਅ ਦੀ ਕਿਤਾਬ 'ਤੇ ਆਧਾਰਿਤ ਹੈ ਤੇ ਇਸ ਦਾ ਨਿਰਦੇਸ਼ਨ ਵਿਜੈ ਗੁੱਟੇ ਨੇ ਕੀਤਾ ਹੈ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਇਸ ਫਿਲਮ 'ਚ ਮਨਮੋਹਨ ਸਿੰਘ ਦਾ ਕਿਰਦਾਰ ਅਨੂਪਮ ਖੇਰ ਨੇ ਨਿਭਾਇਆ ਹੈ।
ਫਿਲਮ 'ਚ ਜਿੱਥੇ ਸੰਜੇ ਬਾਰੂ ਦਾ ਕਿਰਦਾਰ ਅਕਸ਼ੈ ਖੰਨਾ ਨੇ ਨਿਭਾਇਆ ਹੈ ਉਥੇ ਹੀ ਸੋਨੀਆ ਗਾਂਧੀ ਦੇ ਕਿਰਦਾਰ 'ਚ ਸੁਜ਼ੈਨ ਬਰਨੈਟ ਨਜ਼ਰ ਆਏ। ਫਿਲਮ 'ਚ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਿਆ ਸੇਠ ਸ਼ਾਹ ਅਤੇ ਪ੍ਰਿਅੰਕਾ ਗਾਂਧੀ ਦਾ ਕਿਰਦਾਰ ਅਹਾਨਾ ਕੁਮਰਾ ਨੇ ਨਿਭਾਇਆ ਹੈ,  ਜੋ ਕਿ ਪਹਿਲਾਂ 'ਲਿਪਸਟਿਕ ਅੰਡਰ ਮਾਈ ਬੁਰਕਾ' ਵਿਚ ਆਪਣੇ ਅਭਿਨੈ ਨੂੰ ਪੇਸ਼ ਕਰ ਚੁੱਕੀ ਹੈ। ਜਦੋਂਕਿ ਰਾਹੁਲ ਗਾਂਧੀ ਦਾ ਕਿਰਦਾਰ ਅਰਜੁਨ ਮਾਥੁਰ ਵੱਲੋਂ ਨਿਭਾਇਆ ਗਿਆ ਹੈ।
ਦੋਸਤੋ ਜਦੋਂ ਇਸ ਫਿਲਮ ਦਾ ਟ੍ਰੇਲਰ ਆਇਆ ਸੀ ਤਾਂ ਸਿਆਸਤ ਗਰਮਾ ਗਈ ਸੀ। ਭਾਜਪਾ ਨੇ ਤਾਂ ਆਪਣੇ ਟਵਿੱਟਰ ਹੈਂਡਲ ਤੋਂ ਇਸ ਦਾ ਪ੍ਰਚਾਰ ਕਰਦਿਆਂ ਕਾਂਗਰਸ 'ਤੇ ਕਈ ਨਿਸ਼ਾਨੇ ਸਾਧੇ ਸਨ ਤੇ ਕਾਂਗਰਸ ਨੇ ਡਾ. ਮਨਮੋਹਨ ਸਿੰਘ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਭਾਜਪਾ ਉਨ•ਾਂ ਦੇ ਅਕਸ ਨੂੰ ਢਾਹ ਲਾਉਣ ਲਈ ਫ਼ਿਲਮ ਰਾਹੀਂ ਝੂਠਾ ਪ੍ਰਚਾਰ ਕਰ ਰਹੀ ਹੈ। ਫ਼ਿਲਮ 'ਤੇ ਵਿਵਾਦ ਉਠਣਾ ਸੁਭਾਵਿਕ ਸੀ ਕਿਉਂਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਇਸ ਫ਼ਿਲਮ ਦੇ ਰਿਲੀਜ਼ ਹੋਣ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਸਨ। ਖੈਰ ਜਿੰਨਾਂ ਰੌਲਾ ਪਾਇਆ ਜਾ ਰਿਹਾ ਸੀ, ਫ਼ਿਲਮ ਓਨੀ ਦਮਦਾਰ ਨਹੀਂ ਹੈ।  
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫਿਲਮ ਦੇ ਨਾਮ ਤੋਂ ਹੀ ਪਤਾ ਲਗਦਾ ਕਿ ਇਸ 'ਚ ਡਾ. ਮਨਮੋਹਨ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਕਿਉਂਕਿ ਫ਼ਿਲਮ ਦਾ ਨਾਂਅ ਹੈ 'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ'। ਫ਼ਿਲਮ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ। ਹੋ ਸਕਦੈ ਹੈ ਕਿ ਫ਼ਿਲਮ ਵਿਚ ਬਹੁਤ ਸਾਰੀਆਂ ਘਟਨਾਵਾਂ ਸੱਚੀਆਂ ਹੋਣ ਪਰ ਫ਼ਿਲਮ ਦੇ ਅਖੀਰ 'ਚ ਜਿਸ ਤਰ•ਾਂ ਡਾ. ਮਨਮੋਹਨ ਸਿੰਘ ਸੰਜੇ ਬਾਰੂ ਦੀ ਕਿਤਾਬ ਪੜ•ਨ ਮਗਰੋਂ ਉਨ•ਾਂ ਨਾਲ ਨਾਰਾਜ਼ ਦਿਖਾਏ ਗਏ ਹਨ ਤੇ ਸੰਜੇ ਬਾਰੂ ਦੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦੇ, ਉਸ ਤੋਂ ਜਾਪਦਾ ਹੈ ਕਿ ਡਾ. ਮਨਮੋਹਨ ਸਿੰਘ ਸੰਜੇ ਬਾਰੂ ਤੋਂ ਕਾਫੀ ਖ਼ਫਾ ਸਨ। ਡਾ. ਮਨਮੋਹਨ ਸਿੰਘ ਸੰਜੇ ਬਾਰੂ ਦੇ ਸੱਚ ਤੋਂ ਖ਼ਫ਼ਾ ਸਨ ਜਾਂ ਝੂਠ ਨਾਰਾਜ਼ ਸਨ, ਫਿਲਹਾਲ ਇਹ ਭੇਤ ਹੀ ਹੈ। ਪਰ ਇਹ ਸੱਚਾਈ ਹੈ ਕਿ ਫ਼ਿਲਮ ਸਿਰਫ਼ ਐਂਟਰਨੇਨਮੈਂਟ ਵਾਸਤੇ ਹੀ ਨਹੀਂ ਬਣਾਈ ਗਈ, ਇਸ ਦੇ ਚੋਣਾਂ ਦੇ ਮੱਦੇਨਜ਼ਰ ਕਈ ਸਿਆਸੀ ਮਾਇਨੇ ਵੀ ਨੇ। 
ਖੈਰ ਓਵਰਆਲ ਗੱਲ ਕਰੀਏ ਤਾਂ ਫ਼ਿਲਮ ਦੇਖਣ ਦਾ ਕੁੱਝ ਜ਼ਿਆਦਾ ਸਵਾਦ ਨਹੀਂ ਆਉਂਦਾ, ਕਿਉਂਕਿ ਫ਼ਿਲਮ 'ਚ ਨਾ ਤਾਂ ਅਜਿਹਾ ਕੋਈ ਡਾਇਲਾਗ ਹੈ ਜੋ ਲੋਕਾਂ ਸਿਰ ਚੜ• ਬੋਲਿਆ ਹੋਵੇ ਅਤੇ ਨਾ ਹੀ ਕਿਸੇ ਨੇ ਆਪਣੀ ਅਦਾਕਾਰੀ ਦੀ ਬਹੁਤ ਜ਼ਬਰਦਸਤ ਛਾਪ ਛੱਡੀ ਹੈ। ਬੇਸ਼ੱਕ ਫ਼ਿਲਮ ਡਾ. ਮਨਮੋਹਨ ਸਿੰਘ 'ਤੇ ਆਧਾਰਤ ਸੀ ਪਰ ਫ਼ਿਲਮ 'ਚ ਸੰਜੇ ਬਾਰੂ ਦੇ ਕਿਰਦਾਰ 'ਚ ਅਕਸ਼ੈ ਖੰਨਾ ਹੀ ਮੁੱਖ ਭੂਮਿਕਾ 'ਚ ਰਹੇ।
ਪ੍ਰਫੋਰਮੈਂਸ ਦੀ ਗੱਲ ਕਰੀਏ ਤਾਂ ਫਿਲਮ ਵਨ ਟਾਈਮ ਦੇਖਣ ਵਾਲੀ ਹੈ। ਸੋ ਅਸੀਂ ਦਿੰਦੇ ਹਾਂ ਇਸ ਫ਼ਿਲਮ ਨੂੰ ਆਊਟ ਆਫ਼ ਫਾਈਵ ਟੂ ਸਟਾਰ।

ਹੋਰ ਖਬਰਾਂ »

ਫਿਲਮੀ ਖ਼ਬਰਾਂ

ਹਮਦਰਦ ਟੀ.ਵੀ.