ਵਾਸ਼ਿੰਗਟਨ, 12 ਜਨਵਰੀ, (ਹ.ਬ.) :  ਅਮਰੀਕਾ ਵਿਚ ਮਰਹੂਮ ਭਾਰਤੀ ਮੂਲ ਦੇ  ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਭਰਾ ਰੇਗੀ ਸਿੰਘ ਨੇ ਸੀਮਾ ਸੁਰੱਖਿਆ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਤਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਮੈਕਸਿਕੋ ਸਰਹੱਦ 'ਤੇ ਦੀਵਾਰ ਬਣਾਏ ਜਾਣ ਦੇ ਪੱਖ ਵਿਚ ਹਾਂ, ਮੈਂ ਨਹੀਂ ਚਾਹੁੰਦਾ ਕਿ ਮੇਰੇ ਪਰਿਵਾਰ ਨਾਲ ਜੋ ਹੋਇਆ ਉਹ ਹੋਰ ਕਿਸੇ ਨਾਲ ਹੋਵੇ। ਨਿਊਮੈਨ ਪੁਲਿਸ ਵਿਭਾਗ ਦੇ ਕਾਰਪੋਰਲ ਰੋਨਿਲ ਸਿੰਘ ਦੀ 26 ਦਸੰਬਰ ਨੂੰ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਮੈਕਸਿਕੋ ਦੇ ਇਕ ਨਾਗਰਿਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੰਪ ਕੰਧ ਬਣਾਉਣ ਦੀ ਲੋੜ 'ਤੇ ਜ਼ੋਰ ਦੇਣ ਲਈ ਕਈ ਵਾਰ ਇਸ ਹਾਦਸੇ ਦਾ ਜ਼ਿਕਰ ਕਰ ਚੁੱਕੇ ਹਨ। ਟਰੰਪ ਨੇ ਵੀਰਵਾਰ ਨੂੰ ਟੈਕਸਾਸ ਵਿਚ ਸਰਹੱਦ 'ਤੇ ਗਸ਼ਤ ਕਰਨ ਵਾਲੇ ਸੁਰੱਖਿਆ ਕਰਮੀਆਂ ਦੀ ਰਾਊਂਡ ਟੇਬਲ ਮੀਟਿੰਗ ਵਿਚ ਵੀ ਕੰਧ ਬਣਾਉਣ ਦੀ ਮੰਗ ਉਠਾਈ । ਇਸ ਮੀਟਿੰਗ ਵਿਚ ਰੇਗੀ ਸਿੰਘ ਉਨ੍ਹਾਂ ਦੇ ਨਾਲ ਬੈਠੇ ਸਨ। ਰੇਗੀ ਸਿੰਘ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਸੁਰੱਖਿਆ ਮੁਲਾਜ਼ਮ ਦੇ ਨਾਲ ਅਜਿਹਾ ਹੋਵੇ। ਇਸ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ, ਮੇਰਾ ਪਰਿਵਾਰ ਇਸ ਦੇ ਸਮਰਥਨ ਵਿਚ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ