ਮੁੰਬਈ, 12 ਜਨਵਰੀ, (ਹ.ਬ.) : ਬਾਲੀਵੁਡ ਦੀ ਮਸ਼ਹੂਰ ਕੋਰੀਓਗਰਾਫ਼ਰ ਅਤੇ ਫ਼ਿਲਮ ਮੇਕਰ ਫਰਾਹ ਖ਼ਾਨ ਇੱਕ ਵਾਰ ਮੁੜ ਵੱਡਾ ਧਮਾਲ ਕਰਨ ਦੀ ਤਾਕ ਵਿਚ ਹੈ।  ਖ਼ਬਰ ਹੈ ਕਿ ਉਹ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਨੂੰ ਬਾਲੀਵੁਡ ਵਿਚ ਲਾਂਚ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਫਰਾਹ ਖ਼ਾਨ ਨੇ ਬਾਲੀਵੁਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਵੀ ਲਾਂਚ ਕੀਤਾ ਸੀ ਜੋ ਅੱਜ ਫ਼ਿਲਮ ਇੰਡਸਟਰੀ 'ਤੇ ਰਾਜ ਕਰ ਰਹੀ ਹੈ।
ਗੌਰਤਲਬ ਹੈ ਕਿ ਫਰਾਹ ਅਤੇ ਮਾਨੁਸ਼ੀ ਛਿੱਲਰ ਵਿਚ ਫ਼ਲਮ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ। ਸਾਲ 2008 ਵਿਚ ਫ਼ਿਲਮ ਓਮ ਸ਼ਾਤੀ ਓਮ ਤੋਂ ਬਾਲੀਵੁਡ ਵਿਚ ਡੈਬਿਊ ਕਰਨ ਵਾਲੀ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਫਰਾਹ ਖਾਨ ਨੇ ਹੀ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਦੀਪਿਕਾ ਨੇ ਅਪਣੇ ਕਰੀਅਰ ਵਿਚ ਪਿੱਛੇ ਕਦੇ ਮੁੜ ਕੇ ਨਹਂੀਂ ਦੇਖਿਆ। ਹੁਣ ਮਨੋਰੰਜਨ ਦੀ ਅੰਗਰੇਜ਼ੀ ਵੈਬਸਾਈਟ ਪਿੰਕਵਿਲਾ ਦੇ ਹਵਾਲੇ ਤੋਂ ਖ਼ਬਰ ਹੈ ਕਿ ਫਰਾਹ ਖਾਨ ਹੁਣ ਮਿਸ ਵਰਲਡ ਮਾਨੁਸ਼ੀ ਛਿੱਲਰ ਨੂੰ ਵੱਡੇ ਪਰਦੇ 'ਤੇ ਉਤਾਰਨ ਜਾ ਰਹੀ ਹੈ। 
ਵੈਬਸਾਈਟ ਮੁਤਾਬਕ ਫਰਾਹ ਅਤੇ ਮਾਨੁਸ਼ੀ ਦੀ ਅੱਜ ਮੁਲਾਕਾਤ ਹੋਈ ਜਿੱਥੇ ਉਨ੍ਹਾਂ ਨੇ ਫ਼ਿਲਮ ਪ੍ਰੋਜੈਕਟ 'ਤੇ ਗੱਲਬਾਤ ਕੀਤੀ ਅਤੇ ਮਾਨੁਸ਼ੀ ਨੇ ਇਸ 'ਤੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੋਵੇਂ ਗੋਆ ਵਿਚ ਵੀ ਇਸ ਬਾਰੇ ਗੱਲ ਕਰ ਚੁੱਕੇ ਹਨ। ਦੱਸ ਦੇਈਏ ਕਿ ਮਾਨੁਸ਼ੀ ਕਈ ਵਾਰ ਫ਼ਿਲਮਾਂ ਵਿਚ ਆਉਣ ਨੂੰ ਲੈ ਕੇ ਅਪਣੀ ਇੱਛਾ ਜ਼ਾਹਰ ਕਰ ਚੁੱਕੀ ਹੈ। ਇੰਨਾ ਹੀ ਨਹੀਂ ਬੀਤੇ ਸਾਲ ਮਾਨੁਸ਼ੀ  ਨੂੰ ਅਭਿਨੇਤਾ ਰਣਵੀਰ ਸਿੰਘ ਨਾਲ ਇੱਕ ਟੀਵੀ ਇਸ਼ਤਿਹਾਰ ਵਿਚ ਵੀ ਦੇਖਿਆ ਗਿਆ ਸੀ। 
ਇਸ ਤੋਂ ਪਹਿਲਾਂ ਮਾਨੁਸ਼ੀ ਬੀਤੇ ਸਾਲ ਇੱਕ ਸ਼ੋਅ ਦੇ ਸੈਟ 'ਤੇ ਵੀ ਗਈ ਸੀ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇਖ ਕੇ ਬਹੁਤ ਹੀ ਉਤਸ਼ਾਹਤ ਹੋ ਗਏ ਸਨ। ਇਸ ਦੌਰਾਨ ਉਹ ਖੁਦ ਨੂੰ ਸ਼ਾਹਰੁਖ ਅਤੇ ਕਾਜੋਲ ਦੀ ਬਲਾਕਬਸਟਰ ਫ਼ਿਲਮ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਦੇ ਇੱਕ ਪਲਟ ਸੀਨ ਨੂੰ ਕਰਨ ਤੋਂ ਰੋਕ ਨਹੀਂ ਸਕੀ ਸੀ। ਇਹ ਦੇਖ ਕੇ ਉਨ੍ਹਾਂ ਦੇ ਫੈਂਸ ਖੁਸ਼ੀ ਨਾਲ ਝੂਮ ਉਠੇ ਸਨ। ਆਖਰ ਵਿਚ ਤੁਹਾਨੂੰ ਦੱਸ ਦੇਈਏ ਕਿ ਸਾਲ 2017 ਵਿਚ 17 ਸਾਲ ਬਾਅਦ ਭਾਰਤ ਦੇ ਨਾਂ ਮਿਸ ਵਰਲਡ ਦਾ ਖਿਤਾਬ ਮਾਨੁਸ਼ੀ ਛਿੱਲਰ ਦੇ ਜ਼ਰੀਏ ਨਸੀਬ ਹੋਇਆ ਸੀ। 

ਹੋਰ ਖਬਰਾਂ »