ਵਾਸ਼ਿੰਗਟਨ, 12 ਜਨਵਰੀ, (ਹ.ਬ.) : ਅਮਰੀਕੀ ਸਦਨ ਦੀ ਪਹਿਲੀ ਹਿੰਦੂ ਸਾਂਸਦ ਤੁਲਸੀ ਗਬਾਰਡ ਨੇ ਕਿਹਾ ਕਿ ਉਹ 2020 ਦੀ ਰਾਸ਼ਟਰਪਤੀ ਚੋਣਾਂ ਦੀ ਦਾਅਵੇਦਾਰ ਹੋਵੇਗੀ। ਸਾਂਸਦ ਐਲਿਜ਼ਾਬੈਥ ਵਾਰਨ ਤੋਂ ਬਾਅਦ 37 ਸਾਲਾ ਗਬਾਰਡ ਡੈਮੋਕਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਦੂਜੀ ਮਹਿਲਾ ਦਾਅਵੇਦਾਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2020 ਵਿਚ ਚੁਣੌਤੀ ਦੇਣ ਦੇ ਲਈ ਹੁਣ ਤੱਕ 12 ਤੋਂ ਜ਼ਿਆਦਾ ਡੈਮੋਕਰੇਟਿਕ ਨੇਤਾਵਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਅਪਣੀ ਦਾਅਵੇਦਾਰੀ ਦਾ ਐਲਾਨ ਕਰ ਦਿੱਤਾ ਹੈ। ਹਵਾਈ ਤੋਂ ਅਮਰੀਕੀ ਹਾਊਸ ਆਫ਼ ਰਿਪ੍ਰਜੈਂਟੇਟਿਵਸ ਵਿਚ ਚਾਰ ਵਾਰ  ਡੈਮੋਕਰੇਟ ਸਾਂਸਦ ਰਹਿ ਚੁੱਕੀ ਹੈ। 
ਗਬਾਰਡ ਨੇ ਸ਼ੁੱਕਰਵਾਰ ਨੂੰ ਸੀਐਨਐਨ ਨੂੰ ਦੱਸਿਆ ਕਿ ਮੈਂ ਚੋਣਾਂ ਵਿਚ ਖੜ੍ਹਾ ਹੋਣਾ ਤੈਅ ਕੀਤਾ ਹੈ ਅਤੇ ਅਗਲੇ ਹਫ਼ਤੇ ਦੇ ਅੰਦਰ ਅੰਦਰ ਰਸਮੀ ਐਲਾਨ ਕਰ ਦੇਵਾਂਗੀ। ਗਬਾਰਡ ਨੇ ਬਚਪਨ ਵਿਚ ਹੀ ਹਿੰਦੂ ਧਰਮ ਅਪਣਾ ਲਿਆ ਸੀ ਅਤੇ ਉਹ ਭਾਰਤੀ-ਅਮਰੀਕੀਆਂ ਦੇ ਵਿਚ ਕਾਫੀ ਲੋਕਪ੍ਰਿਯ ਹੈ। 
ਜੇਕਰ ਉਹ ਚੋਣ ਜਿੱਤਦੀ ਹੈ ਤਾਂ ਉਹ ਸਭ ਤੋਂ ਯੁਵਾ ਤੇ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਇਸ ਤੋਂ ਇਲਾਵਾ ਉਹ ਪਹਿਲੀ ਗੈਰ ਈਸਾਈ ਅਤੇ ਪਹਿਲੀ ਹਿੰਦੂ ਹੋਵੇਗੀ ਜੋ ਸੀਨੀਅਰ ਅਹੁਦੇ 'ਤੇ ਕਾਬਜ਼ ਹੋਵੇਗੀ। ਹਾਲਾਂਕਿ ਅਮਰੀਕੀ ਸਿਆਸੀ ਪੰਡਤ ਉਨ੍ਹਾਂ ਦੇ ਜਿੱਤਣ ਦੀ ਬਹੁਤ ਜ਼ਿਆਦਾ ਸੰਭਾਵਨਾ ਨਹੀਂ ਜਤਾ ਰਹੇ।

ਹੋਰ ਖਬਰਾਂ »