ਨਵੀਂ ਦਿੱਲੀ, 14 ਜਨਵਰੀ, (ਹ.ਬ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਅਪਣੇ ਨਿਵਾਸ, ਲੋਕ ਕਲਿਆਣ ਮਾਰਗ 'ਤੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੇ ਆਦਰਸ਼ਾਂ, ਮਨੁੱਖਤਾ, ਭਗਤੀ, ਵੀਰਤਾ, ਬਲੀਦਾਨ, ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਦਸਮ ਪਾਤਸ਼ਾਹ ਦੇ ਦਰਸਾਏ ਮਾਰਗ ਉਤੇ ਚਲਣ ਦਾ ਸੱਦਾ ਦਿੱਤਾ। 
ਸਿੱਖ ਕੌਮ ਦੀਆਂ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਪੀੜਤਾਂ, ਹੱਕ ਲਈ ਅਤੇ ਅਨਿਆਂ ਖ਼ਿਲਾਫ਼ ਲੜਾਈ ਲੜੀ। ਉਨ੍ਹਾਂ ਦੇ ਉਪਦੇਸ਼, ਧਰਮ ਤੇ ਜਾਤ ਦੀਆਂ ਰੁਕਾਵਟਾਂ ਤੋੜਨ ਉਪਰ ਕੇਂਦਰਤ ਸਨ। ਪ੍ਰੇਮ, ਸ਼ਾਂਤੀ ਤੇ ਬਲੀਦਾਨ ਦਾ ਉਨ੍ਹਾਂ ਦਾ ਸੰਦੇਸ਼ ਅੱਜ ਵੀ ਸਮਾਨ ਰੂਪ ਵਿਚ ਪ੍ਰਸੰਗਿਕ ਹੈ। ਉਨ੍ਹਾਂ ਦਸਮ ਪਾਤਸ਼ਾਹ ਵਲੋਂ ਦੱਸੇ 11 ਸੁਤਰੀ ਮਾਰਗ ਉਪਰ ਚਲਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਨਾਲ ਕਰਤਾਰਪੁਰ ਸਾਹਿਬ ਲਾਂਘਾ ਬਣਨ ਜਾ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਦੇ ਦੱਸੇ ਮਾਰਗ ਉਪਰ ਚੱਲਣ ਵਾਲਾ ਹਰ ਸਿੱਖ ਹੁਣ ਦੂਰਬੀਨ ਦੀ ਬਜਾਏ ਅਪਣੀਆਂ ਅੱਖਾਂ ਨਾਲ ਨਾਰੋਵਾਲ ਜਾ ਸਕੇਗਾ ਅਤੇ ਬਿਨਾਂ ਵੀਜ਼ੇ ਦੇ ਗੁਰਦੁਆਰਾ ਸਾਹਿਬ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 1984 ਵਿਚ ਸ਼ੁਰੂ ਹੋਏ ਅਨਿਆਂ ਦੇ ਦੌਰ ਨੂੰ Îਨਿਆਂ ਤੱਕ ਪਹੁੰਚਾਉਣ ਵਿਚ ਜੁਟੀ ਹੋਈ ਹੈ।  ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਮਗਰੋਂ ਹੁਣ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਦੇ ਸਮਾਗਮਾਂ ਦੀਆਂ ਤਿਆਰੀਆਂ ਵੀ ਚਲ ਰਹੀਆਂ ਹਨ। ਯਾਦਗਾਰੀ ਸਿੱਕਾ ਜਾਰੀ ਕਰਨ ਸਮੇਂ ਮੋਦੀ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮਨਜਿੰਦਰ ਸਿੰਘ ਸਿਰਸਾ , ਦਲਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਹਾਜ਼ਰੀ ਲਵਾਈ। 

ਹੋਰ ਖਬਰਾਂ »