ਡੇਰਾਬਸੀ, 17 ਜਨਵਰੀ, (ਹ.ਬ.) : ਥਾਣੇ ਵਿਚ ਬੁਧਵਾਰ ਰਾਤ 11 ਵਜੇ ਮੁਨਸ਼ੀ ਨੇ ਟਰੈਫ਼ਿਕ ਇੰਚਾਰਜ ਲਖਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਥਾਣੇ ਵਿਚ ਹੱਤਿਆ ਕਾਰਨ ਪੁਲਿਸ ਵਿਭਾਗ ਵਿਚ ਭਾਜੜਾਂ ਪੈ ਗਈਆਂ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੁਲਜ਼ਮ ਮੁਨਸ਼ੀ ਨੂੰ ਗ੍ਰਿਫਤਾਰ ਕਰ ਲਿਆ।  ਨਸ਼ੇ ਵਿਚ ਟੱਲੀ ਮੁਨਸ਼ੀ ਥਾਣੇ ਵਿਚ ਇੱਕ ਹੌਲਦਾਰ ਨਾਲ ਝਗੜਾ ਕਰ ਰਿਹਾ ਸੀ। ਲਖਵਿੰਦਰ ਸਿੰਘ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਹੀ ਮੁਲਜ਼ਮ ਨੇ ਸਰਵਿਸ ਰਿਵਾਲਵਰ ਨਾਲ ਉਸ ਨੂੰ ਗੋਲੀ ਮਾਰੀ।
ਜਾਣਕਾਰੀ ਮੁਤਾਬਕ ਏਐਸਆਈ ਲਖਵਿੰਦਰ ਸਿੰਘ ਲੱਖਾ (50) ਚਾਰ ਦਿਨ ਪਹਿਲਾਂ ਹੀ ਡੇਰਾਬਸੀ ਥਾਣੇ ਵਿਚ ਤੈਨਾਤ ਹੋਇਆ ਸੀ।  ਉਹ ਪਟਿਆਲਾ ਦਾ ਰਹਿਣ ਵਾਲਾ ਸੀ। ਬੁਧਵਾਰ ਦੇਰ ਰਾਤ ਉਨ੍ਹਾਂ ਨੇ ਬਰਵਾਲਾ ਰੋਡ  ਦੇ ਕੋਲ ਨਾਕਾ ਲਗਾਇਆ ਹੋਇਆ ਸੀ। ਚੈਕਿੰਗ ਦੌਰਾਨ ਉਨ੍ਹਾਂ ਨੇ ਪੰਜ ਗੱਡੀਆਂ ਜ਼ਬਤ ਕੀਤੀਆਂ। ਰਾਤ ਪੌਣੇ 11 ਵਜੇ ਉਹ ਜ਼ਬਤ ਕੀਤੀ ਗੱਡੀਆਂ ਨੂੰ ਜਮ੍ਹਾਂ ਕਰਾਉਣ ਥਾਣੇ ਪੁੱਜੇ ਤਾਂ ਉਥੇ ਹੌਲਦਾਰ ਲੇਖਰਾਜ ਅਤੇ ਨਾਈਟ ਮੁਨਸ਼ੀ ਕਾਲੇ ਖਾਂ ਕਿਸੇ ਗੱਲ 'ਤੇ ਆਪਸ ਵਿਚ ਝਗੜ ਰਹੇ ਸੀ। ਲਖਵਿੰਦਰ ਸਿੰਘ ਦੋਵਾਂ ਵਿਚ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕਰਨ ਲੱਗੇ ਲੇਕਿਨ ਗੱਲ ਵਧਦੀ ਜਾ ਰਹੀ ਸੀ। ਝਗੜਾ ਏਨਾ ਵਧ ਗਿਆ ਕਿ ਨਾਈਟ ਮੁਨਸ਼ੀ ਅਤੇ ਹੌਲਦਾਰ Îਇੱਕ ਦੂਜੇ ਨਾਲ ਹੱਥੋਪਾਈ ਕਰਨ ਲੱਗੇ। ਟਰੈਫਿਕ ਇੰਚਾਰਜ ਲਖਵਿੰਦਰ ਜਿਵੇਂ ਕਿਵੇਂ ਹੌਲਦਾਰ ਲੇਖਰਾਜ ਨੂੰ ਫੜ ਕੇ ਥਾਣੇ ਤੋਂ ਬਾਹਰ ਲੈ ਗਏ। ਇਸ ਤੋਂ ਬਾਅਦ ਲਖਵਿੰਦਰ ਜਦ ਵਾਪਸ ਥਾਣੇ ਅੰਦਰ ਵੜੇ ਤਾਂ ਨਸ਼ੇ ਵਿਚ ਟੱਲੀ ਮੁਨਸ਼ੀ ਕਾਲੇ ਖਾਂ ਨੇ ਉਨ੍ਹਾਂ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਗਰਦਨ ਵਿਚ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਹੱਤਿਆ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਵਿਚ ਭਾਜੜਾਂ ਪੈ ਗਈਆਂ। ਐਸਐਸਪੀ ਹਰਮਨ ਹਾਂਸ ਮੌਕੇ 'ਤੇ ਪੁੱਜੇ ਅਤੇ ਪੜਤਾਲ ਵਿਚ ਜੁਟ ਗਏ। ਮੁਲਜ਼ਮ ਕਾਲੇ ਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਝ ਹੀ ਦੇਰ ਵਿਚ ਐਸਐਸਪੀ ਕੁਲਦੀਪ ਚਾਹਲ ਵੀ ਮੌਕੇ 'ਤੇ ਪੁੱਜੇ ਤੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ।

ਹੋਰ ਖਬਰਾਂ »