ਅਜਿਹਾ ਹੋਇਆ ਤਾਂ ਭਾਰਤੀ ਵਿਦਿਆਰਥੀਆਂ ਦੇ ਠਾਹ-ਠਾਹ ਲੱਗਣਗੇ ਵੀਜ਼ੇ

ਔਟਵਾ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਚੀਨ ਦਰਮਿਆਨ ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਖਿੱਚੋਤਾਣ ਚੱਲ ਰਹੀ ਹੈ ਅਤੇ ਇਸ ਹੱਲ ਅਜੇ ਤੱਕ ਨਹੀਂ ਨਿਕਲਿਆ। ਇਸ ਦੇ ਚਲਦਿਆਂ 'ਮੂਡੀਜ਼ ਦੀ ਇਨਵੈਸਟਰਜ਼ ਸਰਵਿਸਜ਼' ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹਾ ਚਲਦਾ ਰਿਹਾ ਤਾਂ ਚੀਨ ਕੈਨੇਡਾ ਤੋਂ ਆਪਣੇ ਵਿਦਿਆਰਥੀਆਂ ਨੂੰ ਵਾਪਸ ਵੀ ਬੁਲਾ ਸਕਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਦੀਆਂ ਤਿੰਨ ਵੱਡੀਆਂ ਯੂਨੀਵਰਸਿਟੀਜ਼ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਚੀਨ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਅਤੇ ਕੈਨੇਡਾ 'ਚ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ।
ਕੌਮਾਂਤਰੀ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਟਿਊਸ਼ਨ ਫ਼ੀਸ ਜਾਂ ਹੋਰ ਵਸੀਲਿਆਂ ਕਾਰਨ ਵੀ ਦੇਸ਼ ਨੂੰ ਕਾਫ਼ੀ ਵਿੱਤੀ ਲਾਭ ਮਿਲਦਾ ਹੈ, ਕਿਉਂਕਿ ਕੌਮੀ ਵਿਦਿਆਰਥੀਆਂ ਦੇ ਮੁਕਾਬਲੇ ਕੌਮਾਂਤਰੀ ਵਿਦਿਆਰਥੀਆਂ ਤੋਂ ਫ਼ੀਸ ਬਹੁਤ ਜ਼ਿਆਦਾ ਵਸੂਲੀ ਜਾਂਦੀ ਹੈ। ਅਜੇ ਤੱਕ ਚੀਨ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਤੋਂ ਰੋਕਣ ਸਬੰਧੀ ਕਿਸੇ ਤਰ•ਾਂ ਦੀ ਕਾਰਵਾਈ ਨਹੀਂ ਕੀਤੀ ਗਈ ਪਰ ਮੂਡੀਜ਼ ਨੇ ਇਸ ਸਬੰਧੀ ਚਿੰਤਾ ਪ੍ਰਗਟਾਈ ਹੈ ਕਿ ਕੈਨੇਡਾ 'ਚ ਹੁਵਈ ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਚੀਨ ਵੱਲੋਂ ਅਜਿਹੇ ਫ਼ੈਸਲੇ ਲੈਣ ਦੀ ਵੀ ਪੂਰੀ ਸੰਭਾਵਨਾ ਹੈ। ਇੱਥੇ ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਕੁੱਝ ਮਹੀਨੇ ਪਹਿਲਾਂ ਕੈਨੇਡਾ ਨੇ ਸਾਊਦੀ ਅਰਬ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕੌਲਰਸ਼ਿੱਪ ਬੰਦ ਕਰ ਦਿੱਤੀ ਸੀ। ਇਸ ਤੋਂ ਬਾਅਦ ਕੈਨੇਡਾ ਤੇ ਸਾਊਦੀ ਅਰਬ ਦਰਮਿਆਨ ਵੀ ਇਸ ਮੁੱਦੇ 'ਤੇ ਮਾਹੌਲ ਕਾਫ਼ੀ ਤਣਾਅਪੂਰਨ ਚੱਲ ਰਿਹਾ ਹੈ ਤੇ ਹੁਣ ਮੂਡੀਜ਼ ਦਾ ਬਿਆਨ ਕੈਨੇਡਾ ਲਈ ਹੋਰ ਵੱਡੇ ਖ਼ਤਰੇ ਵਾਂਗ ਦੇਖਿਆ ਜਾ ਰਿਹਾ ਹੈ। ਮੂਡੀਜ਼ ਨੇ ਚੀਨੀ ਵਿਦਿਆਰਥੀਆਂ ਦੀ ਕੈਨੇਡਾ 'ਚ ਮੌਜੂਦਗੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਆਫ਼ ਟੋਰਾਂਟੋ 'ਚ ਚੀਨੀ ਵਿਦਿਆਰਥੀਆਂ ਦੀ ਗਿਣਤੀ ਦੋ-ਤਿਹਾਈ ਹੈ, ਜਦੋਂ ਕਿ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ ਮੈੱਕਗਿੱਲ ਯੂਨੀਵਰਸਿਟੀ 'ਚ ਇਹ ਗਿਣਤੀ ਕ੍ਰਮਵਾਰ ਇੱਕ-ਤਿਹਾਈ ਅਤੇ ਇੱਕ-ਚੌਥਾਈ ਹੈ।
ਮੂਡੀਜ਼ ਦਾ ਇਹ ਬਿਆਨ ਜਿੱਥੇ ਕੈਨੇਡੀਅਨ ਸਕੂਲਾਂ, ਯੂਨੀਵਰਸਿਟੀਆਂ ਤੇ ਸਰਕਾਰ ਲਈ ਖ਼ਤਰੇ ਦੀ ਘੰਟੀ ਵਾਂਗ ਦੇਖਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਭਾਰਤੀ ਵਿਦਿਆਰਥੀਆਂ ਲਈ ਇਹ ਇੱਕ ਚੰਗੀ ਖ਼ਬਰ ਵਜੋਂ ਦੇਖੀ ਜਾ ਰਹੀ ਹੈ, ਕਿਉਂਕਿ ਚੀਨ ਤੋਂ ਬਾਅਦ ਵਿਦੇਸ਼ਾਂ 'ਚ ਜਾ ਕੇ ਪੜ•ਾਈ ਕਰਨ ਨੂੰ ਭਾਰਤੀ ਵਿਦਿਆਰਥੀਆਂ ਵੱਲੋਂ ਵੀ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਤੇ ਮੌਜੂਦਾ ਸਮੇਂ ਦੌਰਾਨ ਭਾਰਤ ਦੇ ਵੱਡੀ ਗਿਣਤੀ ਵਿਦਿਆਰਥੀ ਕੈਨੇਡਾ 'ਚ ਪੜ• ਵੀ ਰਹੇ ਹਨ ਤੇ ਜਾਣ ਲਈ ਜਦੋ-ਜਹਿਦ ਵੀ ਕਰ ਰਹੇ ਹਨ। ਜੇਕਰ ਚੀਨ ਆਪਣੇ ਵਿਦਿਆਰਥੀਆਂ ਨੂੰ ਉੱਥੋਂ ਵਾਪਸ ਬੁਲਾ ਲੈਂਦਾ ਹੈ ਜਾਂ ਸਿਰਫ਼ ਨਵੇਂ ਵਿਦਿਆਰਥੀਆਂ ਨੂੰ ਹੀ ਕੈਨੇਡਾ ਜਾ ਕੇ ਪੜ•ਾਈ ਕਰਨ ਤੋਂ ਰੋਕ ਦਿੰਦਾ ਹੈ ਤਾਂ ਇਸ ਦਾ ਸਿੱਧਾ ਫ਼ਾਇਦਾ ਭਾਰਤੀ ਵਿਦਿਆਰਥੀਆਂ ਨੂੰ ਮਿਲੇਗਾ, ਜਿਸ ਦੇ ਚਲਦਿਆਂ ਵੀਜ਼ਾ ਨਿਯਮਾਂ ਨੂੰ ਥੋੜ•ੀ ਨਰਮੀ ਦੇਖਣ ਨੂੰ ਮਿਲ ਸਕਦੀ ਹੈ ਤੇ 'ਬੈਂਡ' ਮੰਗ 'ਚ ਵੀ ਕਮੀ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ 'ਚ ਜਿੱਥੇ 6.5 ਬੈਂਡ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੀ ਵੀਜ਼ਾ ਮਿਲਣ ਸਬੰਧੀ ਪੂਰਾ ਭਰੋਸਾ ਨਹੀਂ ਹੁੰਦਾ, ਉੱਥੇ ਹੀ ਜੇਕਰ ਚੀਨ ਅਜਿਹਾ ਫ਼ੈਸਲਾ ਲੈਂਦਾ ਹੈ ਤਾਂ 5 ਬੈਂਡ ਵਾਲੇ ਵਿਦਿਆਰਥੀਆਂ ਨੂੰ ਵੀ ਵੀਜ਼ਾ ਮਿਲਣ ਦੀ ਸੰਭਾਵਨਾ ਬੱਝ ਜਾਵੇਗੀ।

ਹੋਰ ਖਬਰਾਂ »